ਪੱਤਰ ਪ੍ਰੇਰਕ
ਤਰਨ ਤਾਰਨ, 18 ਅਪਰੈਲ
ਇੱਥੋਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਵਾਸੀ ਸੰਘਾ ਨੂੰ ਉਸ ਦੇ ਤਿੰਨ ਹਥਿਆਰਬੰਦ ਸਾਥੀ ਭਜਾ ਕੇ ਲੈ ਗਏ| ਇਲਾਕੇ ਦੇ ਪਿੰਡ ਢੋਟੀਆਂ ਦੀ ਬੈਂਕ ’ਚ ਡਕੈਤੀ ਦੀ ਕੋਸ਼ਿਸ਼ ਤੋਂ ਇਲਾਵਾ ਹੋਰਨਾਂ ਇਕ ਦਰਜਨ ਦੇ ਕਰੀਬ ਅਪਰਾਧੀ ਵਾਰਦਾਤਾਂ ਵਿਚ ਸ਼ਾਮਲ ਰਾਜੂ ਨੂੰ ਕੁਝ ਚਿਰ ਪਹਿਲਾਂ ਹੀ ਤਰਨ ਤਾਰਨ ਦੀ ਸੀਆਈਏ ਸਟਾਫ ਦੀ ਪੁਲੀਸ ਨੇ ਮੁਕਾਬਲੇ ਵਿਚ ਗ੍ਰਿਫ਼ਤਾਰ ਕੀਤਾ ਸੀ| ਉਹ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਚ ਬੰਦ ਸੀ ਤੇ ਉਸ ਦੀ ਲੱਤ ਵਿਚ ਪਿਆ ਸਰੀਆ ਬਾਹਰ ਕੱਢਣ ਲਈ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਸੀ| ਇੱਥੇ ਤਿੰਨ ਪੁਲੀਸ ਮੁਲਾਜ਼ਮ ਤਾਇਨਾਤ ਸਨ। ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਸੁਸੀਲ ਕੁਮਾਰ ਨੇ ਦੱਸਿਆ ਕਿ ਰਾਜੂ ਦੇ ਸਾਥੀ ਉਸ ਨੂੰ ਹਸਪਤਾਲ ਤੋਂ ਭਜਾ ਕੇ ਲੈ ਗਏ।