ਮਕਬੂਲ ਅਹਿਮਦ
ਕਾਦੀਆਂ, 10 ਅਪਰੈਲ
ਸੀਪੀਐਫ਼ ਯੂਨੀਅਨ ਅਤੇ ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਨੇੜੇ ਆਪਣੀਆਂ ਮੰਗਾਂ ਦੇ ਹੱਕ ’ਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਜਦੋਂ ਕੈਬਨਿਟ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਕੂਚ ਕਰਨ ਲਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਿਵਲ ਲਾਈਨ ਰੋਡ ਦੇ ਵਿਚਕਾਰ ਬੈਠ ਕੇ ਧਰਨਾ ਲਗਾ ਦਿੱਤਾ। ਪੁਲੀਸ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਨੂੰ ਸਥਿਤੀ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ 10 ਪ੍ਰਤਿਨਿਧੀਆਂ ਨਾਲ ਮੁਲਾਕਾਤ ਕਰਨ ਲਈ ਆਪਣੀ ਕੋਠੀ ਅੰਦਰ ਬੁਲਾ ਲਿਆ।
ਜ਼ਿਲਾ ਪ੍ਰਧਾਨ ਪੁਨੀਤ ਸਾਗਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਨੂੰ ਉਨ੍ਹਾਂ ਨੇ ਮੰਗ ਪੱਤਰ ਸੋਂਪਿਆ ਹੈ ਜਿਸ ਵਿੱਚ ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਲੰਬੇ ਚਿਰ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਮਨਜ਼ੂਰ ਕੀਤੇ ਜਾਣ ਦੀ ਮੰਗ ਕੀਤੀ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਕਰਮਚਾਰੀ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ ਨਾ ਕਿ ਸਰਕਾਰ ਤੋਂ ਖ਼ੈਰਾਤ ਮੰਗ ਰਹੇ ਹਨ। ਸੁਪਰੀਮ ਕੋਰਟ ਨੇ ਵੀ ਕਰਮਚਾਰੀਆਂ ਦੇ ਹੱਕ ਚ ਫ਼ੈਸਲਾ ਦਿੱਤਾ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਿਵਾਇਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਨ੍ਹਾਂ ਮੰਗਾਂ ਸਬੰਧੀ ਗੱਲ ਕਰਨਗੇ।
ਇਸ ਮੌਕੇ ਅਰਵਿੰਦਰ ਸ਼ਰਮਾ, ਅਜੇ ਕੁਮਾਰ, ਮੁਕੇਸ਼ ਕੁਮਾਰ, ਵਿਪਨ ਪਰਾਸ਼ਰ, ਪ੍ਰਦੀਪ ਕੁਮਾਰ, ਵਿਪਨ ਕੁਮਾਰ, ਪਵਨ ਕੁਮਾਰ, ਜਸਪ੍ਰੀਤ ਸਿੰਘ ਸਮਰਾ, ਪਲਵਿੰਦਰ ਸਿੰਘ, ਮੋਹਿਤ ਗੁਪਤਾ, ਵਰਿੰਦਰ ਸਿੰਘ ਬਠਿੰਡਾ, ਸੰਯੁਕਤ ਸਕੱਤਰ ਹਰਿੰਦਰਪਾਲ ਸਿੰਘ ਜੋਸ਼ਨ, ਰਮਨ ਕੁਮਾਰ, ਸੀਨਿਅਰ ਮੀਤ ਪ੍ਰਧਾਨ ਰਣਧੀਰ ਸਿੰਘ ਲੁਧਿਆਣਾ, ਸੰਦੀਪ ਸਿੰਘ, ਗੁਰਕੀਰਤ ਸਿੰਘ, ਹਰਦੀਪ ਸਿੰਘ, ਮਨਮਿੰਦਰ ਸਿੰਘ, ਅਰਵਿੰਦਰ ਸ਼ਰਮਾਂ ਆਦਿ ਮੌਜੂਦ ਸਨ।