ਪੱਤਰ ਪ੍ਰੇਰਕ
ਪਠਾਨਕੋਟ, 20 ਫਰਵਰੀ
ਸਥਾਨਕ ਢਾਕੀ ਰੋਡ ਸਥਿਤ ਬਣੇ ਮਤਦਾਨ ਕੇਂਦਰ ’ਤੇ ਤਾਇਨਾਤ ਏਐੱਨਐੱਮ ਅਤੇ ਆਸ਼ਾ ਵਰਕਰਾਂ ਵਿੱਚ ਉਸ ਸਮੇਂ ਰੋਸ ਪੈਦਾ ਹੋ ਗਿਆ, ਜਦ ਉਨ੍ਹਾਂ ਨੂੰ ਦੁਪਹਿਰ ਦਾ ਭੋਜਨ ਡਿਊਟੀ ’ਤੇ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਭੁੱਖੇ ਰਹਿਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਵੋਟਾਂ ਪਾਉਣ ਵਾਲੇ ਵੋਟਰਾਂ ਨੂੰ ਸੈਨੇਟਾਈਜ਼ਰ, ਮਾਸਕ ਅਤੇ ਦਸਤਾਨੇ ਉਪਲਬਧ ਕਰਵਾਉਣ ਲਈ ਹਰ ਪੋਲਿੰਗ ਬੂਥ ਉਪਰ ਸਿਹਤ ਵਿਭਾਗ ਦੇ ਏਐੱਨਐੱਮ ਅਤੇ ਆਸ਼ਾ ਵਰਕਰਾਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਢਾਕੀ ਰੋਡ ਸਥਿਤ ਬਣੇ ਮਤਦਾਨ ਕੇਂਦਰ ’ਤੇ ਸਿਹਤ ਮੁਲਾਜ਼ਮਾਂ ਨੂੰ ਭੋਜਨ ਨਹੀਂ ਮਿਲਿਆ। ਸਿਹਤ ਮੁਲਾਜ਼ਮਾਂ ਨੇ ਰੋਸ ਪ੍ਰਗਟਾਇਆ ਕਿ ਉਨ੍ਹਾਂ ਨੂੰ ਮੈਸੇਜ ਆਇਆ ਸੀ ਕਿ ਤੁਹਾਨੂੰ ਮਿਲਣ ਵਾਲੇ ਮਿਹਨਤਾਨੇ ਵਿੱਚੋਂ 170 ਰੁਪਏ ਕੱਟੇ ਜਾ ਰਹੇ ਹਨ ਅਤੇ ਬੀਐੱਲਓ ਤੁਹਾਨੂੰ ਦੁਪਹਿਰ ਦਾ ਭੋਜਨ, ਮਤਦਾਨ ਕੇਂਦਰ ’ਤੇ ਹੀ ਉਪਲਬਧ ਕਰਵਾਏਗਾ ਪਰ ਸ਼ਾਮ ਦੇ 4 ਵਜੇ ਤੱਕ ਉਨ੍ਹਾਂ ਨੂੰ ਭੋਜਨ ਉਪਲਬਧ ਨਹੀਂ ਕਰਵਾਇਆ ਗਿਆ।