ਤਰਨ ਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੀੜ ਬਾਬਾ ਬੁੱਢਾ ਸਾਹਿਬ ਜ਼ੋਨ ਦੀ ਇਕ ਮੀਟਿੰਗ ਅੱਜ ਗੁਰਦੁਆਰਾ ਬਾਬਾ ਸਿਧਾਨਾ ਝਬਾਲ ਵਿੱਚ ਕੀਤੀ ਗਈ| ਮੀਟਿੰਗ ਵਿੱਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੇ ਉਲੀਕੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਸਰਹੱਦੀ ਖੇਤਰ ਅੰਦਰ ਜਥੇਬੰਦਕ ਢਾਂਚਾ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ| ਮੀਟਿੰਗ ਨੂੰ ਧੰਨਾ ਸਿੰਘ ਲਾਲੂ ਘੁੰਮਣ, ਜਰਨੈਲ ਸਿੰਘ ਨੂਰਦੀ, ਹਰਪ੍ਰੀਤ ਸਿੰਘ ਸਿਧਵਾਂ, ਹਰਜਿੰਦਰ ਸਿੰਘ ਸ਼ਕਰੀ, ਕੁਲਵਿੰਦਰ ਸਿੰਘ ਕੈਰੋਵਾਲ, ਬਲਜੀਤ ਸਿੰਘ ਬਘੇਲ ਸਿੰਘ ਵਾਲਾ ਆਦਿ ਨੇ ਸੰਬੋਧਨ ਕੀਤਾ| ਆਗੂਆਂ ਨੇ 12 ਸਤੰਬਰ ਨੂੰ ਜ਼ਿਲ੍ਹੇ ਅੰਦਰ ਹਾਕਮ ਧਿਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਸਾਹਮਣੇ ਦਿੱਤੇ ਜਾਣ ਵਾਲੇ ਧਰਨਿਆਂ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ| ਬੁਲਾਰਿਆਂ ਨੇ ਕੁਦਰਤੀ ਸੋਮਿਆਂ ਨੂੰ ਬਚਾਉਣ ਕਾਰਖਾਨਿਆਂ ਦਾ ਗੰਦਾ ਪਾਣੀ ਨਹਿਰਾਂ, ਨਦੀਆਂ, ਦਰਿਆਵਾਂ ਵਿੱਚ ਨਾਜਾਇਜ਼ ਤੌਰ ’ਤੇ ਪਾਏ ਜਾਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ| -ਪੱਤਰ ਪ੍ਰੇਰਕ