ਪੱਤਰ ਪ੍ਰੇਰਕ
ਅਜਨਾਲਾ, 11 ਅਗਸਤ
ਖਾਣ-ਪੀਣ ਵਾਲੀਆਂ ਵਸਤਾਂ ’ਤੇ ਜੀਐੱਸਟੀ ਲਾਉਣ, ਬਿਜਲੀ ਸੋਧ ਬਿੱਲ ਲਿਆ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਨਾ ਕਰਨ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨ ਦੇ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੂਬਾਈ ਆਗੂ ਧੰਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਵਤੀਰਾ ਰੱਖ ਕੇ ਕਿਸਾਨ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਦਕਿ ਲੋਕ ਵਿਰੋਧੀ ਫ਼ੈਸਲੇ ਕਰਕੇ ਧੱਕੇ ਨਾਲ ਖਾਣ ਵਾਲੀਆਂ ਵਸਤਾਂ ’ਤੇ ਜੀਐੱਸਟੀ ਦਾ ਵਾਧੂ ਭਾਰ ਪਾ ਕੇ ਮਹਿੰਗਾਈ ਦੀ ਦਰ ਵਿੱਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2022 ਦੇ ਨਾਮ ਹੇਠ ਕਿਸਾਨਾਂ ਨੂੰ ਮਿਲਦੀ ਸਬਸਿਡੀ ਖਤਮ ਕਰਕੇ ਮਹਿੰਗੀ ਬਿਜਲੀ ਦੇਣ ਦਾ ਰਾਹ ਉਲੀਕਿਆ ਜਾ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਕਿਉਂਕਿ ਕਿਸਾਨਾਂ ਨੂੰ ਤਾਂ ਅਜੇ ਤੱਕ ਖੇਤੀ ਲਾਗਤ ਦੇ ਹਿਸਾਬ ਨਾਲ ਫਸਲਾਂ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ 14 ਅਗਸਤ ਨੂੰ ਅੰਮ੍ਰਿਤਸਰ ਵਿੱਚ ਵਿਸ਼ਾਲ ਮੀਟਿੰਗ ਕਰਕੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਨੌਜਵਾਨਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
ਗੁਰਦਾਸਪੁਰ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਵਿਰੁੱਧ ਪਿੰਡ ਸੇਖਾ ਵਿੱਚ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਨੌਜਵਾਨ ਵਿੰਗ ਵਲੋਂ ਬਿਜਲੀ ਬਿੱਲ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮਜ਼ਦੂਰ ਯੂਨੀਅਨ ਦੀ ਨੌਜਵਾਨ ਇਕਾਈ ਦੇ ਆਗੂ ਜਸਬੀਰ ਸਿੰਘ, ਅਮਨਦੀਪ ਸਿੰਘ ਗੁਰਾਇਆ, ਅਕਾਸ਼ਦੀਪ ਸਿੰਘ, ਜਗਤਾਰ ਸਿੰਘ ਅਤੇ ਮੰਗਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਸਮੇਤ ਸਮਾਜ ਦੇ ਸਮੂਹ ਕਿਰਤੀ ਵਰਗ ਤੋਂ ਬਿਜਲੀ ਦੀ ਸਹੂਲਤ ਖੋਹ ਲੈਣ ਵਾਲਾ ਕਾਨੂੰਨ ਬਣਾਉਣ ਲਈ ਬਿਜਲੀ ਸੋਧ ਬਿੱਲ-2022 ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।