ਪੱਤਰ ਪ੍ਰੇਰਕ
ਪਠਾਨਕੋਟ, 11 ਜਨਵਰੀ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜੰਗੀ ਪੱਧਰ ’ਤੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਦੇ ਸਿਲਸਿਲੇ ਵਜੋਂ ਅੱਜ ਇਥੇ ਜ਼ਿਲ੍ਹਾ ਪਠਾਨਕੋਟ ਪੁਲੀਸ ਨੇ ਬੀਐੱਸਐੱਫ ਅਤੇ ਕਮਾਂਡੋ ਫੋਰਸ ਨਾਲ ਸਾਂਝੇ ਤੌਰ ’ਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ। ਇਸ ਦੇ ਮੂਹਰੇ ਪੀਸੀਆਰ ਦੇ ਦਸਤੇ ਮੋਟਰਸਾਈਕਲਾਂ ਉਪਰ ਸਾਇਰਨ ਵਜਾਉਂਦੇ ਹੋਏ ਚੱਲ ਰਹੇ ਸਨ। ਇਹ ਫਲੈਗ ਮਾਰਚ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਬਾਲਮੀਕ ਚੌਕ, ਗਾਂਧੀ ਚੌਕ, ਡਾਕਖਾਨਾ ਚੌਕ, ਗਾੜੀ ਅਹਾਤਾ ਚੌਕ, ਡਲਹੌਜ਼ੀ ਰੋਡ, ਢਾਂਗੂ ਰੋਡ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ’ਤੇ ਸਮਾਪਤ ਹੋਇਆ। ਫਲੈਗ ਮਾਰਚ ਦੀ ਅਗਵਾਈ ਕਰ ਰਹੇ ਡੀਐੱਸਪੀ ਸਿਟੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਚੋਣਾਂ ਸਮੇਂ ਬੇਖੌਫ ਮਾਹੌਲ ਸਿਰਜਣ ਲਈ ਅਤੇ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੋਣਾਂ ਵਿੱਚ ਬਿਨਾਂ ਕਿਸੇ ਡਰ ਦੇ ਭਾਗ ਲੈਣਾ ਚਾਹੀਦਾ ਹੈ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਫਗਵਾੜਾ (ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਦੇ ਸਬੰਧ ’ਚ ਲੋਕਾਂ ਦੇ ਮਨਾਂ ’ਚ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਅੱਜ ਪੰਜਾਬ ਪੁਲੀਸ ਤੇ ਸੀਆਰਪੀ ਦੀ ਟੀਮ ਨੇ ਸਾਂਝੇ ਤੌਰ ’ਤੇ ਸ਼ਹਿਰ ’ਚ ਫ਼ਲੈਗ ਮਾਰਚ ਕੱਢਿਆ। ਫਲੈਗ ਮਾਰਚ ਬੰਗਾ ਰੋਡ ਥਾਣਾ ਸਿਟੀ ਤੋਂ ਸ਼ੁਰੂ ਹੋ ਕੇ ਅਰਬਨ ਅਸਟੇਟ, ਲੇਬਰ ਕਲੋਨੀ, ਇੰਡਸਟਰੀ ਏਰੀਆ, ਮਾਡਲ ਟਾਊਨ, ਸਿਨੇਮਾ ਰੋਡ, ਜੀ.ਟੀ.ਰੋਡ, ਬੰਗਾ ਰੋਡ, ਬਾਂਸਾ ਬਾਜ਼ਾਰ ਤੇ ਹੋਰ ਬਾਜ਼ਾਰਾਂ ’ਚੋਂ ਲੰਘਿਆ। ਮਾਰਚ ਵਿੱਚ ਐੱਸ.ਪੀ. ਹਰਿੰਦਰਪਾਲ ਸਿੰਘ, ਡੀ.ਐੱਸ.ਪੀ. ਅਸ਼ਰੂ ਰਾਮ ਸ਼ਰਮਾ, ਐੱਸ.ਐੱਚ.ਓ ਜੋਗਿੰਦਰ ਸਿੰਘ, ਐੱਸ.ਐੱਚ.ਓ ਰਾਵਲਪਿੰਡੀ ਅਮਨਪ੍ਰੀਤ ਕੌਰ, ਪੀ.ਸੀ.ਆਰ. ਇੰਚਾਰਜ ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲੀਸ ਅਧਿਕਾਰੀ ਸ਼ਾਮਲ ਸਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਸੂਤ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ।