ਤਰਨ ਤਾਰਨ: ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਗਾਂਧੀ ਮਿਉਂਸਿਪਲ ਪਾਰਕ ਵਿੱਚ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਦੀ ਨਿਗਰਾਨੀ ਹੇਠ ਕੀਤੇ ਇਜਲਾਸ ਵਿੱਚ ਆਪਸੀ ਸਹਿਮਤੀ ਨਾਲ ਗੁਰਮੀਤ ਸਿੰਘ ਭੁੱਲਰ (ਸਟੇਟ ਐਵਾਰਡੀ) ਨੂੰ ਪ੍ਰਧਾਨ, ਜਸਵੰਤ ਸਿੰਘ ਜਨਰਲ ਸਕੱਤਰ, ਰਛਪਾਲ ਸਿੰਘ ਪ੍ਰੈੱਸ ਸਕੱਤਰ, ਰਾਜਿੰਦਰ ਸਿੰਘ ਭੈਲ ਵਿੱਤ ਸਕੱਤਰ, ਪਰਸ਼ੋਤਮ ਸਿੰਘ ਕੱਦਗਿੱਲ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਸਿੰਘ ਨੂੰ ਜ਼ੋਨ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢਿੱਲੋਂ ਨੇ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਸੱਦਾ ਦਿੱਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਨੇ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਦਾ ਕੰਮ ਤੁਰੰਤ ਚਾੜ੍ਹਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਬਿਨਾਂ ਦੇਰੀ ਦੇ ਦੂਰ ਕੀਤੇ ਜਾਣ ਆਦਿ ਦੀ ਪੂਰਤੀ ਕੀਤੇ ਜਾਣ ਦੀ ਮੰਗ ਕੀਤੀ| -ਪੱਤਰ ਪ੍ਰੇਰਕ