ਪੱਤਰ ਪ੍ਰੇਰਕ
ਤਰਨ ਤਾਰਨ, 4 ਅਗਸਤ
ਦਿਹਾਤੀ ਮਜ਼ਦੂਰ ਸਭਾ ਨੇ ਅੱਜ ਬਾਠ ਕਲਾਂ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਤੇ ਬੀਡੀਪੀਓ ਨੌਸ਼ਹਿਰਾ ਪੰਨੂੰਆਂ ਦਾ ਪੁਤਲਾ ਸਾੜਿਆ। ਸਭਾ ਦੇ ਆਗੂਆਂ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਤੁੜ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਰੀਬ ਵਰਗਾਂ ਦੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਤੇ ਵਿਧਾਇਕ ਤੇ ਬੀਡੀਪੀਓ ਵੱਲੋਂ ਇਨ੍ਹਾਂ ਮੁਸ਼ਕਲਾਂ ਦੇ ਹੱਲ ਵਿੱਚ ਕਥਿਤ ਪੱਖਪਾਤੀ ਭੂਮਿਕਾ ਨਿਭਾਈ ਜਾ ਰਹੀ ਹੈ। ਦਿਹਾਤੀ ਮਜ਼ਦੂਰ ਸਭਾ ਵਲੋਂ ਇਸ ਸਬੰਧੀ ਬੀਤੇ ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਅੰਦਰ ਪੁਤਲੇ ਸਾੜਨ ਦਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ| ਆਗੂਆਂ ਨੇ ਕਿਹਾ ਕਿ ਇਸ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੀੜਤ ਲੋਕ ਜ਼ਮੀਨ ਹੇਠਾਂ ਵੱਡੇ ਪੋਰੇ ਪਾਉਣ ਦੀ ਅਪੀਲ ਕਰਦੇ ਆ ਰਹੇ ਹਨ ਪਰ ਪਿੰਡ ਪੱਧਰ ਦੀ ਰਾਜਨੀਤੀ ਕਰਕੇ ਪੋਰੇ ਪਾਉਣ ਲਈ ਵਿਧਾਇਕ ਅਤੇ ਬੀਡੀਪੀਓ ਵਲੋਂ ਪੱਖਪਾਤੀ ਵਤੀਰਾ ਧਾਰਨ ਕੀਤਾ ਹੋਇਆ ਹੈ, ਜਿਸ ਕਰਕੇ ਮਾਮਲਾ ਨਿਪਟ ਨਹੀਂ ਰਿਹਾ| ਜਥੇਬੰਦੀ ਨੇ 8 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ|