ਪੱਤਰ ਪ੍ਰੇਰਕ
ਤਰਨ ਤਾਰਨ, 3 ਅਕਤੂਬਰ
ਬੀਤੇ ਕੋਈ ਤਿੰਨ ਮਹੀਨਿਆਂ ਤੋਂ ਪਿੰਡ ਪੰਡੋਰੀ ਗੋਲਾ (ਤੇਜਾ ਸਿੰਘਵਾਲਾ) ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਬਲਦੇਵ ਸਿੰਘ ਪੰਡੋਰੀ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀ ਆਈ) ਦੇ ਆਗੂ ਮੁਖਤਾਰ ਸਿੰਘ ਮੱਲਾ, ਚਮਨ ਲਾਲ ਦਰਾਜਕੇ ਆਦਿ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਪਿੰਡ ਵਾਸੀਆਂ ਨੇ ਇਸ ਮਾਮਲੇ ਸਬੰਧੀ ਪਿੰਡ ਦੀ ਪੰਚਾਇਤ ਤੋਂ ਇਲਾਵਾ ਬੀਡੀਪੀਓ ਤਰਨ ਤਾਰਨ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਨੂੰ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਬੇਨਤੀਆਂ ਕੀਤੀਆਂ ਹਨ ਪਰ ਕਿਸੇ ਅਧਿਕਾਰੀ ਨੇ ਇਸ ਮਾਮਲੇ ਦਾ ਹੱਲ ਕਰਨ ਲਈ ਕੋਸ਼ਿਸ਼ ਤੱਕ ਵੀ ਨਹੀਂ ਕੀਤੀ| ਆਗੂਆਂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਖੜ੍ਹਾ ਹੈ ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਦੀ ਮੁਸ਼ਕਲ ਆ ਰਹੀ ਹੈ ਤੇ ਨਾਲ ਹੀ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਬਣ ਰਿਹਾ ਹੈ|
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਬਿਨਾਂ ਦੇਰੀ ਦੇ ਰਿਪੋਰਟ ਪ੍ਰਾਪਤ ਕਰਕੇ ਲੋੜੀਂਦੀ ਕਾਰਵਾਈ ਕਰ ਰਹੇ ਹਨ|