ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 22 ਜੁਲਾਈ
ਇੱਥੇ ਬੀਤੇ ਕੱਲ੍ਹ ਪਏ ਮੋਹਲੇਧਾਰ ਮੀਂਹ ਕਾਰਨ ਪਿੰਡ ਪੰਡੋਰੀ ਵੜੈਚ ਦੇ ਵਿਚਕਾਰ ਵੱਗਦੀ ਡਰੇਨ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਨਾਲ ਲੱਗਦੇ ਝੋਨੇ ਦੇ ਖੇਤਾਂ ਵੱਲ ਆ ਗਿਆ ਅਤੇ ਸੈਂਕੜੇ ਏਕੜ ਫਸਲ ਤਬਾਹ ਹੋ ਗਈ। ਇਸ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ।
ਮੌਕੇ ’ਤੇ ਜਾਇਜ਼ਾ ਲੈਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਡੋਰੀ ਵੜੈਚ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਡਰੇਨ ਦੇ ਕਿਨਾਰਿਆਂ ਦੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਸੀ ਭਾਵੇਂ ਮਹਿਕਮੇ ਵੱਲੋਂ ਇਸ ਦੀ ਖਲ਼ਾਈ ਕਰਾਈ ਜਾਂਦੀ ਰਹੀ ਹੈ ਪਰ ਉਹ ਸਿਰਫ ਖਾਨਾਪੂਰਤੀ ਹੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਬੰਨ੍ਹਾਂ ਨੂੰ ਚੰਗੀ ਤਰ੍ਹਾਂ ਖੋਦਿਆ ਨਹੀਂ ਜਾਂਦਾ ਸਿਰਫ ਕਾਗ਼ਜ਼ਾਂ ’ਚ ਹੀ ਇਸ ਦਾ ਕੰਮ ਨੇਪਰੇ ਚਾੜ੍ਹਿਆ ਜਾਂਦਾ ਹੈ। ਸਬੰਧਤ ਮਹਿਕਮੇ ਨੂੰ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜੋ ਫਸਲ ਖ਼ਰਾਬ ਹੋਈ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ, ਡਰੇਨ ਦੇ ਕੰਢੇ ਮਜ਼ਬੂਤ ਕੀਤੇ ਜਾਣ ਅਤੇ ਟੁੱਟੇ ਪੁਲ ਬਣਾਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਹਿਕਮਾ ਧਿਆਨ ਨਹੀਂ ਦਿੰਦਾ ਤਾਂ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਕਰਨਾ ਪਵੇਗਾ।
‘ਆਪ’ ਆਗੂ ਵੱਲੋਂ ਡਿੱਬਰ ਘਰਾਟ ਖੇਤਰ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਡਿੱਬਰ ਘਰਾਟ ਖੇਤਰ ਵਿੱਚ ਚੱਕੀ ਦਰਿਆ ਦੇ ਤੇਜ਼ ਵਹਾਅ ਵਾਲੇ ਪਾਣੀ ਨਾਲ ਹੋਏ ਨੁਕਸਾਨ ਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਜਾਇਜ਼ਾ ਲਿਆ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਦਰਿਆ ਦੇ ਕਿਨਾਰੇ ’ਤੇ ਕਰੇਟ ਲਗਾ ਕੇ ਬੰਨ੍ਹੇ ਜਾਣ। ਵਿਭੂਤੀ ਸ਼ਰਮਾ ਦਾ ਕਹਿਣਾ ਸੀ ਕਿ ਇਹ ਜੋ ਕੁਝ ਹੋਇਆ ਹੈ, ਇਹ ਸਭ ਪਿਛਲੀਆਂ ਸਰਕਾਰਾਂ ਵੱਲੋਂ ਕਰਵਾਈ ਗਈ ਮਾਈਨਿੰਗ ਅਤੇ ਗੈਰਜ਼ਿੰਮੇਵਾਰਾਨਾ ਨੀਤੀਆਂ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਨਾਲ ਪ੍ਰਕਿਰਤੀ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ ਅਤੇ ਨਾਲ ਹੀ ਇਲਾਕਾ ਵਾਸੀਆਂ ਦਾ ਜੀਵਨ ਵੀ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦੀ ਹੀ ਦਰਿਆ ਦੇ ਕਿਨਾਰੇ ਮਿੱਟੀ ਦੇ ਕਟਾਅ ਨੂੰ ਰੋਕਣ ਪੱਥਰਾਂ ਦੇ ਕਰੇਟ ਬੰਨ੍ਹੇ ਜਾਣਗੇ।