ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 7 ਜੂਨ
ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਨਾ ਲੱਗਣ ਕਾਰਨ ਗੰਦਾ ਪਾਣੀ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਡਰੇਨ ਦੇ ਓਵਰਫਲੋਅ ਹੋਣ ਕਾਰਨ ਕਮਜ਼ੋਰ ਹੋਈ ਸਾਈਡ ਬਰਮ ਟੁੱਟ ਜਾਣ ਕਰਕੇ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਹੈ। ਇਸ ਕਾਰਨ ਕਿਸਾਨਾਂ ਦੀ ਝੋਨਾ ਬੀਜਣ ਲਈ ਲਗਾਈ ਪਨੀਰੀ, ਮੱਕੀ ਅਤੇ ਹਰੇ ਚਾਰੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ।
ਡਰੇਨ ਦੇ ਬੰਨ ਟੁੱਟਣ ਕਾਰਨ ਗੰਦੇ ਪਾਣੀ ਤੋਂ ਪ੍ਰਭਾਵਿਤ ਹੋਏ ਕਿਸਾਨ ਜਸਵੀਰ ਸਿੰਘ ਜਸਪਾਲ ਸਿੰਘ ਗਿਆਨ ਸਿੰਘ ਸਵਰਨ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਡਰੇਨ ਵਿੱਚੋਂ ਪਾਣੀ ਜ਼ਿਆਦਾ ਆਉਣ ਕਾਰਨ ਕਮਜ਼ੋਰ ਹੋਏ ਬੰਨ੍ਹ ਅਕਸਰ ਟੁੱਟ ਜਾਂਦੇ ਹਨ। ਇਸ ਕਾਰਨ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਆ ਜਾਂਦਾ ਹੈ। ਕਿਸਾਨਾਂ ਵੱਲੋਂ ਬੜੀ ਮੁਸ਼ੱਕਤ ਨਾਲ ਡਰੇਨ ਦੇ ਟੁੱਟੇ ਹੋਏ ਬੰਨ੍ਹ ਨੂੰ ਮਿੱਟੀ ਨਾਲ ਪੂਰ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਕਾਰਨ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਨਗਰ ਕੌਂਸਲ ਕਰਤਾਰਪੁਰ ਦੇ ਸਾਬਕਾ ਪ੍ਰਧਾਨ ਪ੍ਰਿੰਸ ਅਰੋੜਾ ਨੇ ਦੱਸਿਆ ਕਿ ਐੱਸਟੀਪੀ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਟੈਂਡਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੌਕਡਾਊਨ ਕਰਕੇ ਟੈਂਡਰ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ। ਉਨ੍ਹਾਂ ਭਰੋਸਾ ਦਿਵਾਇਆ ਕਿ ਬੰਨ੍ਹ ਟੁੱਟਣ ਦੀ ਸਮੱਸਿਆ ਤੋਂ ਜਲਦ ਛੁਟਕਾਰਾ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਸੰਗਤ ਦਰਸ਼ਨ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਮੀ ਭਰੀ ਸੀ ਜੋ ਸਿਆਸੀ ਲਾਰਿਆਂ ਦੀ ਭੇਟ ਚੜ੍ਹ ਗਈ। ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਰੀਟਮੈਂਟ ਪਲਾਂਟ ਲਾਉਣ ਲਈ ਬਹੁ ਕਰੋੜੀ ਗਰਾਂਟ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਦੇ ਉਲਟ ਨਗਰ ਕੌਂਸਲ ਕਰਤਾਰਪੁਰ ਦੇ ਅਧਿਕਾਰੀਆਂ ਵੱਲੋਂ ਟਰੀਟਮੈਂਟ ਪਲਾਂਟ ਲਗਾਉਣ ਲਈ ਲੋੜੀਂਦੀ ਜ਼ਮੀਨ ਪ੍ਰਾਪਤ ਕਰਨ ਲਈ ਕੀਤੀ ਦੇਰੀ ਦਾ ਖਮਿਆਜ਼ਾ ਡਰੇਨ ਕੰਢੇ ਰਹਿੰਦੇ ਕਿਸਾਨਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹਿਰ ਦੇ ਗੰਦੇ ਪਾਣੀ ਸਮੇਤ ਬਰਸਾਤ ਮੌਕੇ ਸਾਰਾ ਪਾਣੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਕਥਿਤ ਅਣਦੇਖੀ ਕਾਰਨ ਕੁਦਰਤੀ ਵਹਾਅ ਵਾਲੀ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ।