ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 1 ਸਤੰਬਰ
ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਰੋਡ ਜੋ ਪਿਛਲੇ ਤਿੰਨ-ਚਾਰ ਸਾਲ ਤੋਂ ਮੁਕੰਮਲ ਹੋਣ ਦੀ ਉਡੀਕ ਕਰ ਰਿਹਾ ਹੈ, ਇਸ ਰੋਡ ’ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਕਾਰਨ ਕਈ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਕਈ ਵਿਅਕਤੀ ਸੱਟਾਂ ਲੱਗਣ ਕਾਰਨ ਅੰਗਹੀਣ ਹੋ ਗਏ ਹਨ। ਅੱਜ ਇਸੇ ਰੋਡ ’ਤੇ ਲਾਹੌਰ ਬਰਾਂਚ ਨਹਿਰ ’ਤੇ ਬਣ ਰਹੇ ਪੁਲ ਕਾਰਨ ਆਰਜ਼ੀ ਤੌਰ ’ਤੇ ਅਨੈਤਪੁਰਾ ਵੱਲ ਨੂੰ ਨਹਿਰ ਦੇ ਕੰਢੇ-ਕੰਢੇ ਬਣਾਈ ਜਾ ਰਹੀ ਸੜਕ ਬਣਾਉਣ ਲਈ ਠੇਕੇਦਾਰ ਵੱਲੋਂ ਕਈ ਦਿਨਾਂ ਤੋਂ ਪੱਥਰ ਸੁੱਟਿਆ ਗਿਆ ਹੈ ਜਿਸ ਕਾਰਨ ਇਸ ਸੜਕ ਤੋਂ ਹੋ ਕੇ ਕੋਟਲਾ ਗੁੱਜਰਾ ਜਾ ਰਿਹਾ ਟੈਂਪੂ ਪਲਟ ਗਿਆ। ਇਸ ਕਾਰਨ ਪਲਾਈਵੁੱਡ ਤੇ ਸ਼ੀਸ਼ਾ ਟੁੱਟਣ ਦੇ ਨਾਲ-ਨਾਲ ਟੈਂਪੂ ਦਾ ਵੀ ਕਾਫੀ ਨੁਕਸਾਨ ਹੋ ਗਿਆ ਜਦ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਾਮਰੇਡ ਦਲਜੀਤ ਸਿੰਘ ਚੇਤਨਪੁਰਾ, ਜਥੇਦਾਰ ਕੁਲਵੰਤ ਸਿੰਘ ਕੋਟਲਾ ਗੁੱਜਰਾ, ਗੁਰਵਿੰਦਰ ਬੱਬਲੂ, ਬਲਜਿੰਦਰ ਸਿੰਘ ਸੰਗਤਪੁਰਾ, ਮਾਸਟਰ ਰਣਜੀਤ ਸਿੰਘ ਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਨੂੰ ਛੇਤੀ ਬਣਾਇਆ ਜਾਵੇ ਤਾਂ ਜੋ ਇਸ ਰੋਡ ’ਤੇ ਨਿੱਤ ਵਾਪਰ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪੈ ਸਕੇ।