ਤਰਨ ਤਾਰਨ, 14 ਅਕਤੂਬਰ
ਸਥਾਨਕ ਨਗਰ ਕੌਂਸਲ ਨੂੰ ਸ਼ਹਿਰ ਦੀਆਂ ਸੜਕਾਂ-ਬਾਜ਼ਾਰਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ’ਤੇ ਚਲਾਈ ਮੁਹਿੰਮ ਤਹਿਤ ਜ਼ਬਤ ਕੀਤਾ ਸਾਮਾਨ ਆਦਿ ਦੁਕਾਨਦਾਰਾਂ ਦੇ ਰੋਹ ਕਾਰਨ ਉਨ੍ਹਾਂ ਨੂੰ ਵਾਪਸ ਕਰ ਦਿੱਤਾ। ਇਸ ਸਬੰਧੀ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਦੌਰਾਨ ਉਨ੍ਹਾਂ ਦਾ ਜ਼ਬਤ ਕੀਤਾ ਸਾਮਾਨ ਵਾਪਸ ਕਰਨ ਦੀ ਮੰਗ ਮੰਨ ਲਈ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਨਾਜਾਇਜ਼ ਕਬਜ਼ਾ ਛੱਡ ਦੇਣ ਲਈ ਹਦਾਇਤ ਕੀਤੀ| ਵਿਧਾਇਕ ਨੇ ਅਜਿਹਾ ਨਾ ਕਰਨ ਤੇ ਸਖਤ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਦਿੱਤੀ| ਦੱਸਣਯੋਗ ਹੈ ਕਿ ਇਹ ਸਾਮਾਨ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਕੰਵਲਜੀਤ ਸਿੰਘ ਦੀ ਅਗਵਾਈ ਵਿੱਚ ਵੀਰਵਾਰ ਨੂੰ ਅਚਾਨਕ ਕੀਤੇ ਅਪਰੇਸ਼ਨ ਦੌਰਾਨ ਸ਼ਹਿਰ ਦੇ ਤਹਿਸੀਲ ਬਾਜ਼ਾਰ, ਅੱਡਾ ਬਾਜ਼ਾਰ, ਸਰਾਫਾ ਬਾਜ਼ਾਰ ਆਦਿ ਤੋਂ ਇਲਾਵਾ ਮੁੱਖ ਸੜਕ ਦੀਆਂ ਦੁਕਾਨਾਂ ਸਾਹਮਣਿਓਂ ਚੁੱਕ ਲਿਆ ਸੀ| ਨਗਰ ਕੌਂਸਲ ਦੀ ਇਸ ਕਾਰਵਾਈ ਖਿਲਾਫ਼ ਅੱਜ ਦੁਕਾਨਦਾਰਾਂ ਨੇ ਆਪਣੇ ਆਗੂ ਰਜਿੰਦਰ ਕੁਮਾਰ ਗੁਲਾਟੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਸ਼ਿਵਦਤ ਸਿੰਘ ਆਦਿ ਦੀ ਅਗਵਾਈ ਵਿੱਚ ਵੱਡੀ ਗਿਣਤੀ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦੇ ਦਫਤਰ ਸਾਹਮਣੇ ਰੋਸ ਵਿਖਾਵਾ ਕੀਤੇ ਅਤੇ ਉਨ੍ਹਾਂ ਦਾ ਸਾਮਾਨ ਵਾਪਸ ਕਰਨ ਤੱਕ ਵਿਰੋਧ ਕਰਦੇ ਰਹਿਣ ਦੀ ਚਿਤਾਵਨੀ ਦਿੱਤੀ ਸੀ| ਕਾਰਜਸਾਧਕ ਅਧਿਕਾਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਵਲੋਂ ਇਕ ਮਹੀਨੇ ਤੱਕ ਨਾਜਾਇਜ਼ ਕਬਜ਼ੇ ਨਾ ਛੱਡਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।