ਐੱਨਪੀ ਧਵਨ
ਪਠਾਨਕੋਟ, 2 ਅਗਸਤ
ਲਦਪਾਲਵਾਂ ਵਾਲੀ ਲਿੰਕ ਸੜਕ ’ਤੇ ਇਨ੍ਹੀਂ ਦਿਨੀਂ ਪਾਣੀ ਭਰਿਆ ਹੋਇਆ ਹੈ। ਪਿੰਡ ਦੀ ਨਿਕਾਸੀ ਦਾ ਗੰਦਾ ਪਾਣੀ ਸੜਕ ’ਤੇ ਕਰੀਬ ਡੇਢ ਤੋਂ 2 ਫੁੱਟ ਤੱਕ ਡੂੰਘਾ ਟੋਆ ਬਣਾ ਚੁੱਕਾ ਹੈ। ਪਿੰਡ ਦੀ ਸਰਪੰਚ ਪੂਨਮ ਬਾਲਾ 2 ਸਾਲਾਂ ਵਿੱਚ ਕਈ ਵਾਰ ਮੰਡੀ ਬੋਰਡ ਦੇ ਉਚ ਅਧਿਕਾਰੀਆਂ ਸਮੇਤ ਬੀਡੀਪੀਓ ਨੂੰ ਸੜਕ ਨਿਰਮਾਣ ਲਈ ਕਹਿ ਚੁੱਕੀ ਹੈ ਪਰ ਅਜੇ ਤੱਕ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਨਾ ਤਾਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਸੜਕ ਦੀ ਮੁਰੰਮਤ ਕਰਵਾਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ’ਤੇ ਪਏ ਟੋਇਆਂ ਵਿੱਚ ਪਾਣੀ ਭਰਿਆ ਹੋਣ ਕਾਰਨ ਕਈ ਵਾਰ ਲੋਕ ਹਾਦਸਾਗ੍ਰਸਤ ਵੀ ਹੋ ਜਾਂਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਰਗ ਨੂੰ ਜਲਦੀ ਬਣਾਇਆ ਜਾਵੇ।
ਮਾਮਲਾ ਧਿਆਨ ’ਚ ਨਹੀਂ: ਐਕਸੀਅਨ
ਮੰਡੀ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਬਾਜਵਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਆਪਣੇ ਐੱਸਡੀਓ ਨੂੰ ਮੌਕਾ ਦੇਖ ਕੇ ਰਿਪੋਰਟ ਕਰਨ ਲਈ ਕਹਿਣਗੇ।