ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 12 ਜੂਨ
ਨਸ਼ਿਆਂ ਸਬੰਧੀ ਚਰਚਾ ਵਿੱਚ ਰਿਹਾ ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਪੁਲੀਸ ਦੀ ਸਖਤੀ ਤੋਂ ਬਾਅਦ ਨਸ਼ਿਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਸਥਾਨਕ ਪੁਲੀਸ ਦੀ ਨਸ਼ਿਆ ਖ਼ਿਲਾਫ਼ ਮੁਹਿੰਮ ਮੱਠੀ ਪੈਣ ਕਾਰਨ ਕਸਬੇ ਤੋਂ ਰੂਪੋਸ਼ ਹੋਏ ਨਸ਼ਾ ਤਸਕਰ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਆਪਣਾ ਨਸ਼ੇ ਵੇਚਣ ਦਾ ਢੰਗ ਬਦਲ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਨਗਰ ਵਿੱਚ ਨਸ਼ਿਆਂ ਦੀ ਵਿੱਕਰੀ ਨੂੰ ਲੈ ਕੇ ਮੁਹੱਲਾ ਨਿੰਮ ਵਾਲੀ ਘਾਟੀ, ਮੁਹੱਲਾ ਅਕਬਰਪੁਰਾ, ਮੰਦਿਰ ਵਾਲੀ ਗਲੀ, ਬੱਸ ਸਟੈਂਡ ਅਤੇ ਨਾਲ ਲੱਗਦੇ ਪਿੰਡ ਮਿਆਣੀ, ਪਿੰਡ ਧੂੰਦਾ ਦੇ ਨਸ਼ਾ ਤਸਕਰ ਫਿਰ ਤੋਂ ਸਰਗਰਮ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਆਪਣੇ ਗਾਹਕਾ ਤੱਕ ਨਸ਼ਾ ਪਹੁੰਚਾਉਣ ਲਈ ਸੋਸ਼ਲ ਨੈੱਟਵਰਕ ਦਾ ਸਹਾਰਾ ਲੈਂਦੇ ਹੋਏ ਨਸ਼ੇ ਦੀ ਹੋਮ ਡਲਿਵਰੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਪੁਲੀਸ ਬੇਖਬਰ ਹੁੰਦੇ ਹੋ ਕੇ ਆਪਣੇ ਏਸੀ ਦਫ਼ਤਰਾਂ ਵਿੱਚ ਅਰਾਮ ਫਰਮਾ ਰਹੀ ਹੈ। ਇਲਾਕੇ ਵਿੱਚ ਨਸ਼ਿਆਂ ਦਾ ਗੋਰਖ ਧੰਦਾ ਸ਼ਰ੍ਹੇਆਮ ਚੱਲ ਰਿਹਾ ਹੈ ਜਿਸ ਦੀ ਮਿਸਾਲ ਕੁਝ ਦਿਨ ਪਹਿਲਾਂ ਪੁਲੀਸ ਵੱਲੋਂ ਲੋਕਾਂ ਦੀ ਸ਼ਿਕਾਇਤ ’ਤੇ ਸ਼ਰ੍ਹੇਆਮ ਨਸ਼ਾ ਵੇਚ ਰਹੇ ਨੌਜਵਾਨ ਨੂੰ ਕਾਬੂ ਕਰਨ ਤੋਂ ਮਿਲਦੀ ਹੈ।
ਸਥਾਨਕ ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਪ੍ਰਸ਼ਾਸਨ ਕੁਝ ਸਮੇਂ ਲਈ ਸਖਤੀ ਕਰਦਾ ਹੈ ਪਰ ਮੁੜ ਉਸੇ ਤਰ੍ਹਾਂ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਹੋਣ ਲੱਗ ਜਾਂਦੀ ਹੈ। ਇਲਾਕਾ ਵਾਸੀਆਂ ਨੇ ਜ਼ਿਲ੍ਹੇ ਦੇ ਐੱਸਐੱਸਪੀ ਕੋਲੋਂ ਨਸ਼ਿਆਂ ਖ਼ਿਲਾਫ਼ ਸਖਤੀ ਵਰਤਣ ਦੀ ਮੰਗ ਕੀਤੀ ਹੈ।
ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ ਸਖਤ ਕਾਰਵਾਈ: ਡੀਐੱਸਪੀ
ਇਸ ਸਬੰਧੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਆਖਿਆ ਕਿ ਨਸ਼ਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਜ਼ਿਆਦਾਤਰ ਨਸ਼ਾ ਤਸਕਰ ਜੇਲ੍ਹ ਦੀ ਹਵਾ ਖਾ ਰਹੇ ਹਨ ਅਤੇ ਰਹਿੰਦੇ ਨਸ਼ਾ ਤਸਕਰਾਂ ਦੀ ਪੈੜ ਨੱਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਖ਼ਤ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।