ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਮਾਰਚ
ਜੰਡਿਆਲਾ ਗੁਰੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਚੋਰੀ ਦਾ ਮੁੱਖ ਕਾਰਨ ਨਸ਼ਾ ਹੈ। ਇਥੇ ਵਾਰਡ ਨੰਬਰ 1 ਵਾਸੀ ਲਖਬੀਰ ਸਿੰਘ ਨੇ ਦੱਸਿਆ ਹੈਪੀ ਨਾਮਕ ਲੜਕਾ ਉਨ੍ਹਾਂ ਦੇ ਘਰੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਉਸ ਨੇ ਸਥਾਨਕ ਪੁਲੀਸ ਚੌਕੀ ਵਿਚ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਤੇ ਅੱਜ ਇੱਥੇ ਉਸ ਵਿਅਕਤੀ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ। ਇਸੇ ਤਰ੍ਹਾਂ ਨਜ਼ਦੀਕੀ ਪਿੰਡ ਖਲਹਿਰਾ ਵਿੱਚ ਨਜ਼ਦੀਕੀ ਪਿੰਡ ਭੰਗਵਾਂ ਦੇ ਰਹਿਣ ਵਾਲੇ ਰੁਪਿੰਦਰ ਸਿੰਘ ਨੂੰ ਲੋਕਾਂ ਨੇ ਇਕ ਕਿਸਾਨ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰਦਿਆਂ ਕਾਬੂ ਕਰ ਲਿਆ। ਇਸ ਵਿਅਕਤੀ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ। ਉਸ ਨੇ ਮੰਨਿਆ ਉਹ ਪਿੰਡ ਬਾਲੀਆਂ ਵਿੱਚ ਨਸ਼ਾ ਖਰੀਦਣ ਲਈ ਜਾਂਦਾ ਸੀ ਅਤੇ ਇੱਥੋਂ ਦਾ ਇਕ ਕਾਸ਼ ਨਾਮਕ ਵਿਅਕਤੀ ਉਸ ਨੂੰ ਨਸ਼ਾ ਵੇਚਦਾ ਹੈ। ਉਸ ਨੇ ਦੱਸਿਆ ਕਿ ਪਿੰਡ ਬਾਲੀਏ ਦੇ ਘਰ-ਘਰ ਵਿੱਚ ਨਸ਼ੇ ਦੀ ਵਿਕਰੀ ਹੁੰਦੀ ਹੈ। ਪਿੰਡ ਵਾਲਿਆਂ ਨੇ ਚੋਰ ਨੂੰ ਪੁਲੀਸ ਚੌਕੀ ਗਹਿਰੀ ਮੰਡੀ ਦੇ ਹਵਾਲੇ ਕਰ ਦਿੱਤਾ।
ਮੰਦਰ ਵਿੱਚ ਚੋਰੀ ਕਰਦਾ ਕਾਬੂ
ਪਠਾਨਕੋਟ (ਪੱਤਰ ਪ੍ਰੇਰਕ): ਛੋਟੀ ਨਹਿਰ ਸਰਨਾ ਕੋਲ ਪ੍ਰਾਚੀਨ ਸ਼ਿਵ ਮੰਦਰ ਵਿੱਚ ਚੋਰੀ ਕਰਦੇ ਹੋਏ ਇੱਕ ਚੋਰ ਨੂੰ ਲੋਕਾਂ ਨੇ ਮੌਕੇ ਉਪਰ ਫੜ ਲਿਆ ਅਤੇ ਉਸ ਕੋਲੋਂ ਚੋਰੀ ਕੀਤਾ ਸkਮਾਨ ਬਰਾਮਦ ਕਰਕੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਮੰਦਰ ਦੇ ਮਹੰਤ ਸਾਵਨ ਗਿਰੀ ਡੇਰਾ ਬਾਬਾ ਸੂਰਜ ਪੁਰੀ ਨੇ ਦੱਸਿਆ ਕਿ ਜਦ ਉਹ ਮੰਦਰ ਵਿੱਚ ਆਇਆ ਤਾਂ ਉਸ ਨੇ ਇੱਕ ਲੜਕੇ ਨੂੰ ਮੰਦਰ ਵਿੱਚੋਂ ਸਮਾਨ ਲੈ ਕੇ ਭੱਜਦੇ ਹੋਏ ਦੇਖਿਆ। ਇਸ ਤੇ ਉਸ ਨੇ ਰੌਲਾ ਪਾਇਆ ਤਾਂ ਨਾਲ ਲੱਗਦੇ ਦੁਕਾਨਦਾਰਾਂ ਨੇ ਉਕਤ ਚੋਰ ਨੂੰ ਫੜ ਲਿਆ। ਮਹੰਤ ਨੇ ਅੱਗੇ ਦੱਸਿਆ ਕਿ ਉਕਤ ਚੋਰ ਨੇ ਮੰਦਰ ਵਿੱਚ ਦਾਖਲ ਹੋ ਕੇ ਤਾਲੇ ਤੋੜੇ ਸਨ ਅਤੇ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜ ਰਿਹਾ ਸੀ ਜਿਸ ਨੂੰ ਮੌਕੇ ਉਪਰ ਫੜ ਲਿਆ ਗਿਆ। ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਚੋਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਆਪਣੇ ਨਾਲ ਪੁਲੀਸ ਥਾਣੇ ਲੈ ਗਈ।