ਪੱਤਰ ਪ੍ਰੇਰਕ
ਚੋਹਲਾ ਸਾਹਿਬ, 26 ਅਕਤੂਬਰ
ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਪੱਬਾਂ-ਭਾਰ ਹੋਇਆ ਜਾਪ ਰਿਹਾ ਹੈ। ਇਸ ਦੇ ਚਲਦਿਆਂ ਸਿਵਲ ਸਰਜਨ ਤੇ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਦੀ ਦੇਖ-ਰੇਖ ਹੇਠ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਤਰਨ ਤਾਰਨ ਵੱਲੋਂ ਚੋਹਲਾ ਸਾਹਿਬ ਵਿਖੇ ਅਚਨਚੇਤ ਛਾਪੇ ਮਾਰੇ ਗਏ। ਛਾਪਿਆਂ ਦਾ ਪਤਾ ਲੱਗਣ ’ਤੇ ਇੱਕਾ-ਦੁਕਾ ਮੈਡੀਕਲ ਸਟੋਰ ਬੰਦ ਹੋ ਗਏ ਤੇ ਛੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਚੋਹਲਾ ਸਾਹਿਬ ਦੇ ਸਾਰੇ ਮੈਡੀਕਲ ਸਟੋਰਾਂ ਦਾ ਰਿਕਾਰਡ ਵੀ ਘੋਖਿਆ ਗਿਆ। ਇੰਸਪੈਕਸ਼ਨ ਦੌਰਾਨ ਉਨ੍ਹਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤੌਰ ’ਤੇ ਵਰਤੀ ਜਾਣ ਵਾਲੀ ਕੋਈ ਵੀ ਦਵਾਈ ਸਟੋਰ ’ਤੇ ਨਾ ਰੱਖੀ ਜਾਵੇ।
ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ’ਤੇ ਫਾਰਮਾਸਿਸਟ ਦੀ ਹਾਜ਼ਰੀ ਜ਼ਰੂਰੀ ਹੈ ਤੇ ਡਾਕਟਰ ਦੀ ਲਿਖੀ ਪਰਚੀ ਤੋਂ ਬਗੈਰ ਕੋਈ ਦਵਾਈ ਨਹੀਂ ਵੇਚੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਜ਼ਿਲ੍ਹੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਲਗਾਤਾਰ ਜਾਂਚ ਹੋਵੇਗੀ, ਜੇਕਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤਾਂ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।