ਕੇ.ਪੀ ਸਿੰਘ/ਸੁੱਚਾ ਸਿੰਘ ਪਸਨਾਵਾਲ
ਗੁਰਦਾਸਪੁਰ/ਧਾਰੀਵਾਲ, 7 ਅਗਸਤ
ਤਿੱਬੜ ਪੁਲੀਸ ਸਟੇਸ਼ਨ ਅਧੀਨ ਚਾਰ ਦਿਨ ਪਹਿਲਾਂ ਵਾਪਰੀ ਲੁੱਟ ਦੀ ਵਾਰਦਾਤ ਡਰਾਮਾ ਨਿਕਲੀ ਅਤੇ ਇਸ ਦਾ ਮਾਸਟਰ ਮਾਈਂਡ ਲੁੱਟ ਦਾ ਸ਼ਿਕਾਰ ਹੋਣ ਵਾਲਾ ਨੌਜਵਾਨ ਹੀ ਨਿਕਲਿਆ।
ਗੁਰਦਾਸਪੁਰ ਦੀ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਲਵਪ੍ਰੀਤ ਮਸੀਹ ਵਾਸੀ ਪਿੰਡ ਸਿਧਵਾਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਕੋਲੋਂ ਕਰੀਬ ਇੱਕ ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲਿਆ ਸੀ ਤੇ ਲੁਟੇਰੇ ਉਸ ਦਾ ਮੋਬਾਈਲ ਵੀ ਲੈ ਗਏ ਸਨ। ਡੀਐੱਸਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਪਰ ਘਟਨਾ ਸਮੇਂ ਕਿਸੇ ਵੀ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਸਵਾਰ ਨਹੀਂ ਸਨ। ਇਸ ਦੌਰਾਨ ਫੁਟੇਜ ਵਿੱਚ ਇੱਕ ਲਾਲ ਰੰਗ ਦੇ ਮੋਟਰਸਾਈਕਲ ’ਤੇ ਬੈਗ ਚੁੱਕੀ ਦੋ ਵਿਅਕਤੀ ਦਿਖਾਈ ਦਿੱਤੇ ਸਨ। ਮਗਰੋਂ ਪੁਲੀਸ ਨੇ ਥਾਣਾ ਧਾਰੀਵਾਲ ਦੇ ਐਸ.ਐਚ.ਓ ਅਮਨਦੀਪ ਸਿੰਘ ਅਤੇ ਥਾਣਾ ਤਿੱਬੜ ਦੇ ਐੱਸਐੱਚਓ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਦੋ ਟੀਮਾਂ ਬਣਾ ਕੇ ਧਾਰੀਵਾਲ ਦੇ ਲੁਧਿਆਣਾ ਮੁਹੱਲਾ ਵਾਸੀ ਧਰਮਵੀਰ ਨੂੰ ਉਸ ਦੇ ਮੋਟਰਸਾਈਕਲ ਸਣੇ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਲਵਪ੍ਰੀਤ, ਸ਼ਰਨਜੀਤ ਸਿੰਘ ਵਾਸੀ ਆਲੋਵਾਲ ਨਾਲ ਯੋਜਨਾ ਬਣਾ ਕੇ ਇਸ ਘਟਨਾ ਦਾ ਡਰਾਮਾ ਕੀਤਾ ਸੀ। ਇਸ ਮਗਰੋਂ ਪੁਲੀਸ ਨੇ ਲਵਪ੍ਰੀਤ ਅਤੇ ਸ਼ਰਨਜੀਤ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਲਵਪ੍ਰੀਤ ਦੇ ਘਰੋਂ 49 ਹਜ਼ਾਰ 500 ਰੁਪਏ ਅਤੇ ਸ਼ਰਨਜੀਤ ਦੇ ਘਰੋਂ 40 ਹਜ਼ਾਰ ਰੁਪਏ ਬਰਾਮਦ ਕਰਨ ਤੋਂ ਇਲਾਵਾ ਧਰਮਵੀਰ ਕੋਲੋਂ ਇੱਕ ਟੈਬ, ਦੋਵੇਂ ਮੋਟਰਸਾਇਕਲ ਬਰਾਮਦ ਕਰ ਕੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।