ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 4 ਅਕਤੂਬਰ
ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ ਡਾ. ਸਰਬਜੀਤ ਕੌਰ ਸੋਹਲ ਦੀ ਹੁਣ ਤੱਕ ਦੀ ਕਾਵਿ ਯਾਤਰਾ ਉੱਪਰ ਅਧਾਰਿਤ ਨਾਮਵਰ ਗਲਪਕਾਰ ਦੇਸ ਰਾਜ ਕਾਲੀ ਵੱਲੋਂ ਸੰਪਾਦਿਤ ਪੁਸਤਕ ‘ਬਰਖ਼ਿਲਾਫ਼ ਬਜ਼ਾਤੇ-ਉਹਨੂੰ’ ਨੂੰ ਅੱਜ ਗੁਰਦਾਸਪੁਰ ਵਿੱਚ ਰਿਲੀਜ਼ ਕੀਤਾ ਗਿਆ। ਦੱਸਣਯੋਗ ਹੈ ਕਿ ਡਾ. ਸਰਬਜੀਤ ਕੌਰ ਸੋਹਲ ਪੰਜਾਬ ਸਾਹਿਤ ਅਕੈਡਮੀ ਦੀ ਪ੍ਰਧਾਨ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਐੱਸਐੱਸਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਦੀ ਧਰਮ ਪਤਨੀ ਹਨ। ਉਨ੍ਹਾਂ ਦੀ ਵੱਡ ਆਕਾਰੀ ਪੁਸਤਕ ਦੀ ਘੁੰਡ ਚੁਕਾਈ ਮੌਕੇ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕੀਤਾ ਗਿਆ। ਇਸ ਵਿੱਚ ਦੇਸ ਰਾਜ ਕਾਲੀ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਬੀਬਾ ਬਲਵੰਤ, ਨਾਮਵਰ ਗ਼ਜ਼ਲਗੋ ਸੁਲੱਖਣ ਸਰਹੱਦੀ, ਪ੍ਰਿੰਸੀਪਲ ਤੇਜਿੰਦਰ ਕੌਰ ਸ਼ਾਹੀ, ਸਿਮਰਤ ਸੁਮੇਰਾ, ਮੱਖਣ ਸਿੰਘ ਕੁਹਾੜ, ਐਡਵੋਕੇਟ ਰਣਬੀਰ ਆਕਾਸ਼, ਸਤਿੰਦਰ ਕੌਰ ਕਾਹਲੋਂ, ਰਣਜੀਤ ਕੌਰ ਬਾਜਵਾ, ਜੈਸਮੀਨ ਆਦਿ ਮੌਜੂਦ ਸਨ।
ਦੇਸ ਰਾਜ ਕਾਲੀ ਨੇ ਕਿਹਾ ਕਿ ਕਾਵਿ ਯਾਤਰਾ ਨੂੰ ਇਕ ਪੁਸਤਕ ਵਿਚ ਸੰਪਾਦਿਤ ਕਰਨਾ ਕਾਫ਼ੀ ਚੁਨੌਤੀ ਪੂਰਨ ਕੰਮ ਰਿਹਾ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਆਪਣੇ 6 ਕਾਵਿ ਸੰਗ੍ਰਹਿ, 3 ਆਲੋਚਨਾਤਮਿਕ ਪੁਸਤਕਾਂ, 4 ਸੰਪਾਦਿਤ ਪੁਸਤਕਾਂ ਦਾ ਖ਼ਜ਼ਾਨਾ ਪਾਇਆ ਹੈ। ਇਸ ਤੋਂ ਇਲਾਵਾ 9 ਪੁਸਤਕਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਬੀਬਾ ਬਲਵੰਤ ਨੇ ਕਿਹਾ ਕਿ ਡਾ. ਸੋਹਲ ਦੀ ਹਰ ਕਿਤਾਬ ਪਹਿਲੀ ਕਿਤਾਬ ਨਾਲੋਂ ਵਖਰੇਵਾਂ ਪਣ ਅਤੇ ਨਿਖਾਰ ਲੈ ਕੇ ਆਈ ਹੈ। ਸੁਲੱਖਣ ਸਰਹੱਦੀ ਨੇ ਕਿਹਾ ਕਿ ਔਰਤ ਦੀ ਗੱਲ ਬਹੁਤ ਘੱਟ ਸੁਣੀ ਜਾਂਦੀ ਹੈ, ਪਰ ਡਾ. ਸੋਹਲ ਜਦੋਂ ਕਵਿਤਾ ਕਹਿੰਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ। ਮੱਖਣ ਕੋਹਾੜ ਨੇ ਕਿਹਾ ਕਿ ਔਰਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਪਰ ਉਸ ਨੂੰ ਪ੍ਰਗਟਾਵਾ ਕਰਨ ਦਾ ਮੌਕਾ ਨਹੀਂ ਮਿਲਦਾ। ਅਖ਼ੀਰ ਵਿਚ ਐੱਸਐੱਸਪੀ ਡਾ. ਰਜਿੰਦਰ ਸਿੰਘ ਸੋਹਲ ਨੇ ਧੰਨਵਾਦੀ ਸ਼ਬਦ ਕਹੇ।