ਪੱਤਰ ਪ੍ਰੇਰਕ
ਤਰਨ ਤਾਰਨ, 23 ਅਕਤੂਬਰ
ਚਾਰ ਦਿਨ ਪਹਿਲਾਂ ਹਰੀਕੇ ਦੀ ਭਗਤ ਰਵੀਦਾਸ ਕਲੋਨੀ ਦੇ ਵਾਸੀ ਇਕ ਪਤੀ-ਪਤਨੀ ਦੀ ਕੀਤੀ ਹੱਤਿਆ ਦਾ ਸੁਰਾਗ ਲਗਾਉਣ ਵਿੱਚ ਹਰੀਕੇ ਪੁਲੀਸ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ| ਥਾਣਾ ਮੁਖੀ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਸਥਾਨ ਦੇ ਆਸ ਪਾਸ ਦੇ ਕੋਈ 60 ਦੇ ਕਰੀਬ ਸੀਸੀਟੀਵੀ ਕੈਮਰਿਆਂ ਦੋ ਘੋਖ ਪੜਤਾਲ ਕਰ ਲਈ ਹੈ ਪਰ ਪੁਲੀਸ ਦੀ ਜਾਂਚ ਅੱਗੇ ਨਹੀਂ ਤੁਰ ਸਕੀ|
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਈ ਦ੍ਰਿਸ਼ਟੀਕੋਣ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਕੋਈ ਠੋਸ ਤੱਥ ਸਾਹਮਣੇ ਨਹੀਂ ਆ ਰਹੇ| ਇਸ ਵਾਰਦਾਤ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਅੱਧੀ ਰਾਤ ਨੂੰ ਘਰ ਦੇ ਮਾਲਕ ਸਾਬਕ ਫ਼ੌਜੀ ਸੁਖਦੇਵ ਸਿੰਘ (53) ਤੇ ਉਸ ਦੀ ਪਤਨੀ ਰਾਜਬੀਰ ਕੌਰ (48) ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਸੀ| ਉਨ੍ਹਾਂ ਮ੍ਰਿਤਕਾ ਦੀ ਲੜਕੀ ਸਿਮਰਨਜੀਤ ਕੌਰ ਤੇ ਨੂੰਹ ਬਲਜਿੰਦਰ ਕੌਰ ਨੂੰ ਘਰ ਦੇ ਸਟੋਰ ਵਿੱਚ ਬੰਦ ਕਰ ਦਿੱਤਾ ਸੀ ਤੇ ਜਾਂਦੇ ਹੋਏ ਉਹ ਸੁਖਦੇਵ ਸਿੰਘ ਦੀ ਲਾਇਸੈਂਸੀ ਰਾਈਫਲ, ਸੋਨੇ ਦੇ ਗਹਿਣੇ ਤੇ ਕੈਸ਼ ਆਦਿ ਲੈ ਗਏ ਸਨ| ਇਸ ਸਬੰਧੀ ਹਰੀਕੇ ਪੁਲੀਸ ਨੇ ਦਫ਼ਾ 460, 560, 34 ਫੌਜਦਾਰੀ ਤੇ ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੋਇਆ ਹੈ| ਪੁਲੀਸ ਦੇ ਡਾਗ-ਸਕੁਵੈਡ ਤੇ ਫੋਰੈਂਸਿਕ ਸਬੂਤ ਵੀ ਕੋਈ ਕੰਮ ਨਹੀਂ ਕਰ ਸਕੇ।