ਕੇ.ਪੀ ਸਿੰਘ
ਗੁਰਦਾਸਪੁਰ, 15 ਜਨਵਰੀ
ਪਿੰਡ ਚੌੜ ਸਿੱਧਵਾਂ ਵਿੱਚ ਇੱਕ 10 ਸਾਲਾਂ ਬੱਚੇ ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਨੋਚ ਖਾਧਾ ਜਦਕਿ ਉਸ ਦੇ ਸਾਥੀ ਨੇ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਲੜਕੇ ਦੇ ਚਾਚਾ ਸੁਖਦੇਵ ਨੇ ਦੱਸਿਆ ਕਿ ਦੋ ਲੜਕੇ ਖੇਤਾਂ ਵਿੱਚ ਪਤੰਗਾਂ ਲੁੱਟ ਰਹੇ ਸਨ। ਇਸੇ ਦੌਰਾਨ ਆਵਾਰਾ ਕੁੱਤਿਆਂ ਨੇ ਦੋਵਾਂ ਬੱਚਿਆ ਉੱਤੇ ਹਮਲਾ ਕਰ ਦਿੱਤਾ। ਇੱਕ ਲੜਕਾ ਤਾਂ ਕੁੱਤਿਆਂ ਤੋਂ ਬਚ ਕੇ ਭੱਜਣ ਵਿੱਚ ਕਾਮਯਾਬ ਰਿਹਾ ਜਦਕਿ ਦੂਸਰੇ 10 ਸਾਲਾ ਲੜਕੇ ਅਰਨਵ ਨੂੰ ਕੁੱਤਿਆਂ ਨੇ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ। ਕੁੱਤਿਆਂ ਨੇ ਬੱਚੇ ਦੇ ਸਿਰ ਅਤੇ ਲੱਕ ਉੱਤੇ ਦੰਦ ਮਾਰ ਕੇ ਅਰਨਵ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਘਟਨਾ ਸਮੇਂ ਨਜ਼ਦੀਕ ਇੱਕ ਘਰ ਵਿੱਚ ਮਿਸਤਰੀ ਕੰਮ ਕਰ ਰਹੇ ਸਨ। ਉਨ੍ਹਾਂ ਨੇ ਜਦੋਂ ਲੜਕੇ ਨੂੰ ਕੁੱਤਿਆਂ ਵਿੱਚ ਘਿਰਿਆ ਦੇਖਿਆ ਤਾਂ ਉਨ੍ਹਾਂ ਨੇ ਅੱਗੇ ਆ ਕੇ ਬੱਚੇ ਨੂੰ ਕੁੱਤਿਆਂ ਤੋਂ ਬਚਾਇਆ। ਲੜਕੇ ਦੇ ਪਰਿਵਾਰ ਵਾਲਿਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਾਂ ਤਾਂ ਆਵਾਰਾ ਕੁੱਤਿਆਂ ਨੂੰ ਦਵਾਈ ਪਾ ਦਿੱਤੀ ਜਾਵੇ ਜਾਂ ਪਿੰਡ ਵਿੱਚੋਂ ਕੁੱਤੇ ਹੋਰ ਕਿਸੇ ਥਾਂ ਛੱਡੇ ਜਾਣ । ਜ਼ਖ਼ਮੀ ਅਰਨਵ ਦੀ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਇਲਾਜ ਲਈ ਗੁਰਦਾਸਪੁਰ ਤੋਂ ਅੰਮ੍ਰਿਤਸਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ ।