ਭਗਵਾਨ ਦਾਸ ਸੰਦਲ
ਦਸੂਹਾ, 2 ਨਵੰਬਰ
ਇਥੇ ਇਸ ਵਾਰ ਕਰੋਨਾ ਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਦੀਵਾਲੀ ਦੇ ਤਿਉਹਾਰ ਵਾਲਾ ਉਤਸ਼ਾਹ ਤੇ ਜੋਸ਼ ਤੇ ਉਤਸ਼ਾਹ ਦੇਖਣ ਨੂੰ ਨਹੀ ਮਿਲ ਰਿਹਾ। ਕਰੋਨਾ ਦੇ ਝੰਬੇ ਦੁਕਾਨਦਾਰ ਹੁਣ ਪਟਾਕਿਆਂ ’ਤੇ ਲੱਗੀ ਪਾਬੰਦੀ ਤੋਂ ਵੀ ਕਾਫੀ ਮਾਯੂਸ ਨਜ਼ਰ ਆ ਰਹੇ ਹਨ। ਦੀਵਾਲੀ ਦੇ ਮੱਦੇਨਜ਼ਰ ਇਲੈਕਟ੍ਰਾਨਿਕਸ ਤੇ ਸਜਾਵਟ ਵਾਲੀਆਂ ਵਸਤਾਂ ਸਮੇਤ ਹੋਰ ਸਾਜ਼ੋ ਸਾਮਾਨ ਅਗਾਊ ਸਟੋਰ ਕਰਨ ਵਾਲੇ ਦੁਕਾਨਦਾਰਾਂ ਨੂੰ ਹੁਣ ਸਾਮਾਨ ਦੀ ਘੱਟ ਵਿਕਰੀ ਦਾ ਡਰ ਵੀ ਸਤਾਉਣ ਲੱਗਾ ਹੈ। ਇਲੈਕਟ੍ਰਾਨਿਕਸ ਸਾਮਾਨ ਦਾ ਕੰਮ ਕਰਨ ਵਾਲੇ ਦਿਨੇਸ਼ ਭੰਡਾਰੀ ਦਾ ਕਹਿਣਾ ਹੈ ਕਿ ਪਹਿਲਾ ਇਨ੍ਹਾਂ ਦਿਨਾਂ ਵਿੱਚ ਬਾਜ਼ਾਰਾਂ ਵਿੱਚ ਚੌਖੀਆਂ ਰੋਣਕਾਂ ਹੁੰਦੀਆਂ ਸਨ ਪਰ ਇਸ ਵਾਰ 50 ਫੀਸਦੀ ਕਾਰੋਬਾਰ ਘਟਿਆ ਹੈ। ਫਲ ਵਿਕਰੇਤਾ ਰਿੰਕੂ ਮਹਿਰਾ ਨੇ ਦੱਸਿਆ ਕਿ ਹਫਤੇ ਵਿੱਚ 2 ਦਿਨ ਹੀ ਬਜ਼ਾਰ ਵਿੱਚ ਗਾਹਕ ਹੁੰਦਾ ਹੈ ਤੇ ਫਲ ਮਹਿੰਗੇ ਹੋਣ ਕਾਰਨ ਉਸ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਆਈ ਹੈ। ਇਹੀ ਸਮੱਸਿਆ ਦੁਕਾਨਦਾਰ ਮੁਖਵਿੰਦਰ ਸਿੰਘ ਬਾਜਵਾ ਨੇ ਦੱਸੀ।