ਪੱਤਰ ਪ੍ਰੇਰਕ
ਕਾਹਨੂੰਵਾਨ, 27 ਜੂਨ
ਸਥਾਨਕ ਕਸਬੇ ਦੇ ਕਿਸਾਨ ਜਗਦੀਸ਼ ਸਿੰਘ ਨੇ ਵਾਹੀ ਯੋਗ ਰਕਬੇ ਨੂੰ ਜਾਂਦੇ ਰਸਤੇ ਦਾ ਦਖ਼ਲ ਲੈਣ ਬਾਅਦ ਉਸ ਰਸਤੇ ਦਾ ਕਬਜ਼ਾ ਵਿਰੋਧੀ ਧਿਰ ਵੱਲੋਂ ਨਾ ਛੱਡਣ ਦੇ ਦੋਸ਼ ਲਗਾਏ ਹਨ। ਕਿਸਾਨ ਜਗਦੀਸ਼ ਸਿੰਘ ਅਤੇ ਉਸ ਦੇ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾਵਾਂ ਵੱਲੋਂ ਜ਼ਮੀਨ ਦੀ ਗ਼ਲਤ ਵੰਡ ਕਰਵਾ ਕੇ ਉਸ ਨੂੰ ਸੜਕ ਨਾਲੋਂ 7 ਕਿੱਲੇ ਪਿੱਛੇ ਹੱਟ ਕੇ ਰਕਬਾ ਦਿੱਤਾ ਗਿਆ ਹੈ। ਉਨ੍ਹਾਂ ਵੰਡ ਨੂੰ ਇਸ ਸ਼ਰਤ ਉੱਤੇ ਮੰਨ ਲਿਆ ਕਿ ਉਨ੍ਹਾਂ ਨੂੰ ਲੰਘਣ ਲਈ ਰਸਤਾ ਜ਼ਰੂਰ ਦਿੱਤਾ ਜਾਵੇ। ਮਗਰੋਂ ਦੂਜੀ ਧਿਰ ਦੇ ਲੋਕਾਂ ਨੇ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ। ਮਗਰੋਂ ਅਦਾਲਤ ਦੇ ਹੁਕਮਾਂ ’ਤੇ ਪੁਲੀਸ ਦੀ ਹਾਜ਼ਰੀ ਅਤੇ ਕਾਨੂੰਨਗੋ ਦੀ ਅਗਵਾਈ ਵਿੱਚ ਪਟਵਾਰੀ ਵੱਲੋਂ ਉਨ੍ਹਾਂ ਦੇ ਰਕਬੇ ਨੂੰ ਜਾਂਦੇ ਰਸਤੇ ਦੀ ਨਿਸ਼ਾਨਦੇਹੀ ਕਰਵਾ ਕੇ ਨਿਸ਼ਾਨੀਆਂ ਲਗਾ ਦਿੱਤੀ ਗਈਆਂ। ਅੱਜ ਜਦੋਂ ਉਹ ਰਸਤੇ ਨੂੰ ਲੰਘਣ ਯੋਗ ਬਣਾਉਣ ਲਈ ਟਰੈਕਟਰ ਲੈ ਕੇ ਗਏ ਤਾਂ ਵਿਰੋਧੀ ਧਿਰ ਵੱਲੋਂ ਇਕੱਠੇ ਹੋ ਕੇ ਉਨ੍ਹਾਂ ਨੂੰ ਡੱਕ ਲਿਆ ਗਿਆ। ਫੇਰ ਉਨ੍ਹਾਂ ਦੀ ਸੁਣਵਾਈ ਪੁਲੀਸ ਨੇ ਨਹੀਂ ਕੀਤੀ। ਉਧਰ ਦੂਜੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਜਗਦੀਸ਼ ਸਿੰਘ ਨੂੰ ਰਸਤੇ ਵਿੱਚੋਂ ਲੰਘਣ ਤੋਂ ਮਨ੍ਹਾਂ ਨਹੀਂ ਕਰਦੇ ਸਗੋਂ ਉਸ ਨਾਲ ਸਹਿਮਤੀ ਪ੍ਰਗਟ ਕਰਦੇ ਹਨ। ਐੱਸਐੱਚਓ ਸੁਖਵਿੰਦਰ ਸਿੰਘ ਕਾਹਨੂੰਵਾਨ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਪੀੜਤ ਧਿਰ ਦੀ ਨਿਸ਼ਾਨਦੇਹੀ ਉਨ੍ਹਾਂ ਦੀ ਹਾਜ਼ਰੀ ਵਿੱਚ ਮਾਲ ਮਹਿਕਮੇ ਵੱਲੋਂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਸੁਲ੍ਹਾ ਸਫ਼ਾਈ ਹੋ ਗਈ ਸੀ, ਹੁਣ ਕਿਸੇ ਵੀ ਝਗੜੇ ਸਬੰਧੀ ਕੋਈ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਮਿਲੀ ਹੈ। ਦਖ਼ਲ ਲੈਣ ਵਾਲੀ ਧਿਰ ਨੂੰ ਰਸਤੇ ਵਿੱਚੋਂ ਲੰਘਣ ਦਾ ਪੂਰਾ ਅਧਿਕਾਰ ਹੈ।