ਗੁਰਬਖਸ਼ਪੁਰੀ
ਤਰਨ ਤਰਨ, 1 ਸਤੰਬਰ
ਇੱਥੋਂ ਦੇ ਨੇੜਲੇ ਪਿੰਡ ਜੋਧਪੁਰ ਵਿੱਚ ਅੱਜ ਲੋੜਵੰਦਾਂ ਨੂੰ ਮੁਫਤ ਵਾਲੀ ਕਣਕ ਦੀ ਵੰਡ ਕਰਨ ਮੌਕੇ ਦੋ ਧਿਰਾਂ ਦਰਮਿਆਨ ਝੜਪ ਹੋ ਗਈ ਜਿਸ ਵਿੱਚ ਕਈ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਤਿੰਨ ਕੁ ਜਣਿਆਂ ਦੀਆਂ ਪੱਗਾਂ ਲਹਿ ਗਈਆਂ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀ ਸਕੀਮ ਅਧੀਨ ਗਰੀਬ ਲੋਕਾਂ ਨੂੰ ਪ੍ਰਤੀ ਜੀਅ 30 ਕਿਲੋ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਪਿੰਡ ਦੇ ਡਿੱਪੂ ਹੋਲਡਰ ਸਰਬਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ| ਇੰਨੇ ਨੂੰ ਪਿੰਡ ਦੇ ਸਰਪੰਚ ਦੀ ਅਗਵਾਈ ਵਿੱਚ ਪਿੰਡ ਦੇ ਕਈ ਹੋਰਨਾਂ ਪਰਿਵਾਰਾਂ ਨੇ ਉੱਥੇ ਆ ਕੇ ਉਨ੍ਹਾਂ ਨੂੰ ਵੀ ਕਣਕ ਦੇਣ ਦੀ ਮੰਗ ਕੀਤੀ। ਡਿੱਪੂ ਹੋਲਡਰ ਸਰਬਜੀਤ ਸਿੰਘ ਨੇ ਉਨ੍ਹਾਂ ਦੇ ਨਾਂ ਖੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਦੇਣ ਵਾਲੀ ਸੂਚੀ ਵਿੱਚ ਦਰਜ ਨਾ ਹੋਣ ਕਰਕੇ ਉਨ੍ਹਾਂ ਨੂੰ ਕਣਕ ਦੇਣ ਤੋਂ ਅਸਮਰਥਾ ਜ਼ਾਹਰ ਕੀਤੀ। ਕਣਕ ਦੀ ਮੰਗ ਕਰਦੇ ਇਨ੍ਹਾਂ ਲੋਕਾਂ ਨੂੰ ਡਿੱਪੂ ’ਤੇ ਕਣਕ ਦੀ ਵੰਡ ਕਰਵਾਉਣ ਦੀ ਨਿਗਰਾਨੀ ਕਰਦੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੇਜ ਸਿੰਘ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੂਸਰੀ ਧਿਰ ਵਾਲਿਆਂ ਨੇ ‘ਆਪ’ ਵਰਕਰਾਂ ’ਤੇ ਹਮਲਾ ਕਰ ਦਿੱਤਾ|
ਸਥਾਨਕ ਸਦਰ ਤੋਂ ਐੱਸਐੱਚਓ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ| ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਪੀੜਤ ਗੁਰਮੇਜ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ 20 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਗੁਰਮੇਜ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ‘ਆਪ’ ਵਰਕਰਾਂ ਉੱਤੇ ਕੀਤੇ ਹਮਲੇ ਵਿੱਚ ਉਸ ਸਮੇਤ ਦੋ ਹੋਰਨਾਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਕਈ ਹੋਰਨਾਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ|