ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 24 ਅਪਰੈਲ
ਸਥਾਨਕ ਜੈਨ ਧਰਮਸ਼ਾਲਾ ਵਿਚ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਲੋੜਵੰਦਾਂ ਨੂੰ ਪੈਨਸ਼ਨਾਂ ਲਗਾਉਣ ਅਤੇ ਹੋਰ ਮਸਲਿਆਂ ਦਾ ਮੌਕੇ ’ਤੇ ਨਿਪਟਾਰਾ ਕਰਨ ਲਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਸਾਂਝਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਭਰ ਤੋਂ ਕਰੀਬ 200 ਲਾਭਪਾਤਰੀਆਂ ਨੇ ਪਹੁੰਚ ਕੇ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਅੰਗਹੀਣਾਂ ਦੀ ਪੈਨਸ਼ਨ ਅਤੇ ਹੋਰ ਕੰਮਾਂ ਦੇ ਫਾਰਮ ਭਰੇ। ਉਨ੍ਹਾਂ ਮੌਕੇ ’ਤੇ ਮੁਸ਼ਕਲਾਂ ਦਾ ਨਿਪਟਾਰਾ ਵੀ ਕਰਵਾਇਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਉਨ੍ਹਾਂ ਨੂੰ ਬਹੁਤ ਸਮੇਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਸਣੇ ਹੋਰ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਇਸ ਲਈ ਅੱਜ ਜੰਡਿਆਲਾ ਗੁਰੂ ਵਿਚ ਇਹ ਸਾਂਝਾ ਕੈਂਪ ਲਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਅਸ਼ੀਸ਼ ਇੰਦਰ ਸਿੰਘ, ਸੀਡੀਪੀਓ ਜੰਡਿਆਲਾ ਗੁਰੂ ਖੁਸ਼ਮੀਤ ਕੌਰ, ਜੂਨੀਅਰ ਸਹਾਇਕ ਸੰਜੀਵ ਸ਼ਰਮਾ, ਸੁਪਰਵਾਈਜ਼ਰ ਪਰਮਜੀਤ ਕੌਰ, ਗੁਰਪ੍ਰਕਾਸ਼ ਕੌਰ ਅਤੇ ਰਵਿੰਦਰ ਕੌਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਤੇ ਕਰਮਚਾਰੀ ਅੱਜ ਐਤਵਾਰ ਵਾਲੇ ਦਿਨ ਵੀ ਕੈਂਪ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਕੈਂਪ ਮੌਕੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਬਾਲਮੀਕਿ ਸੰਘਰਸ਼ ਕਮੇਟੀ ਵੱਲੋਂ ਮੰਤਰੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਾਬਕਾ ਤਹਿਸੀਲਦਾਰ ਜਸਵੰਤ ਸਿੰਘ ਗਿੱਲ, ਭਜਨ ਸਿੰਘ ਪ੍ਰਧਾਨ, ਮਨਜੀਤ ਸਿੰਘ ਪ੍ਰਧਾਨ, ‘ਆਪ’ ਦੇ ਜਾਇੰਟ ਸੈਕਟਰੀ ਨਰੇਸ਼ ਪਾਠਕ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸੁਖਦਰਸ਼ਨ ਸਿੰਘ, ਸੁਨੈਨਾ ਰੰਧਾਵਾ, ਗੁਰਨਾਮ ਸਿੰਘ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਵਿਜੇ ਕੁਮਾਰ ਮੱਟੀ, ਤਰਸੇਮ ਸਿੰਘ, ਸਾਬਕਾ ਡੀਐਸਪੀ ਮਹਿੰਦਰ ਸਿੰਘ ਆਦਿ ਸ਼ਾਮਿਲ ਸਨ।