ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਅਗਸਤ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਤਿੰਦਰ ਸਿੰਘ, ਅਨਿਲ ਐਰੀ, ਸੰਜੀਵ ਧੂਤ, ਅੰਮ੍ਰਿਤਪਾਲ ਸਿੰਘ ਅਤੇ ਜਗਤਾਰ ਸਿੰਘ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ’ਤੇ ਅਧਿਆਪਕ ਵਰਗ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਦਿਖਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅਧਿਆਪਕਾਂ ਨੂੰ ਮੌਜੂਦਾ ਪੰਜਾਬ ਸਰਕਾਰ ਤੋਂ ਕਾਫ਼ੀ ਉਮੀਦਾਂ ਸਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫ਼ੇਰ ਦਿੱਤਾ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ, ਸਾਰੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ, ਤਰੱਕੀਆਂ ਕੀਤੀਆਂ ਜਾਣ, ਸਾਲ 2018 ਤੋਂ ਬਾਅਦ ਪ੍ਰਮੋਟ ਹੋਏ ਅਧਿਆਪਕਾਂ ’ਤੇ ਬੇਲੋੜੀ ਵਿਭਾਗੀ ਟੈਸਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਅਤੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਬਾਅਦ ਵਿੱਚ ਅਧਿਆਪਕਾਂ ਨੇ ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ।
ਧਰਨੇ ਵਿੱਚ ਸੁਨੀਲ ਸ਼ਰਮਾ, ਜਰਨੈਲ ਸਿੰਘ, ਮਦਨ ਲਾਲ ਸੈਣੀ, ਵਿਕਾਸ ਸ਼ਰਮਾ, ਰਾਜ ਕੁਮਾਰ, ਰਣਵੀਰ ਠਾਕੁਰ, ਕਮਲ ਕਿਸ਼ੋਰ, ਅਮਰ ਗੋਪਾਲ ਸਿੰਘ, ਰਵਿੰਦਰ ਸਿੰਘ, ਅਮਰ ਸਿੰਘ, ਉਪਿੰਦਰ ਸਿੰਘ ਤੇ ਪ੍ਰਿਤਪਾਲ ਸਿੰਘ ਆਦਿ ਸ਼ਾਮਿਲ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਿੱਖਿਆ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ ਗਿਆ| ਧਰਨਾਕਾਰੀ ਅਧਿਆਪਕਾਂ ਨੂੰ ਬਲਜੀਤ ਟੌਮ, ਬਲਦੇਵ ਸਿੰਘ ਬਸਰਾ, ਨਛੱਤਰ ਸਿੰਘ, ਸਰਬਜੀਤ ਵਰਿਆਹ, ਪ੍ਰਦੀਪ ਕੁਮਾਰ, ਦਿਲਬਾਗ ਸ਼ਹਾਬਪੁਰ, ਗੁਰਪ੍ਰੀਤ ਲਾਲਪੁਰਾ, ਦਵਿੰਦਰ ਖਹਿਰਾ ਨੇ ਸੰਬੋਧਨ ਕੀਤਾ| ਬੁਲਾਰਿਆਂ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਦੇ ਮਸਲਿਆਂ ਨੂੰ ਨਿਪਟਾਉਣ ਵਿੱਚ ਅਸਫਲ ਰਹਿਣ ਦੀ ਨਿਖੇਧੀ ਕੀਤੀ|