ਗੁਰਬਖ਼ਸ਼ਪੁਰੀ
ਤਰਨ ਤਾਰਨ, 27 ਦਸੰਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਉਸਮਾਂ ਟੌਲ ਪਲਾਜ਼ਾ ਤੇ ਧਰਨਾ ਦੇਣ ਵਾਲੇ ਕਿਸਾਨਾਂ ਤੇ ਅਤੇ ਹੋਰਨਾਂ ਲੋਕਾਂ ਵਲੋਂ ਅੱਜ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਸਾਮੂਹਿਕ ਪਾਠ ਕੀਤੇ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਸਿਜਦਾ ਕੀਤਾ| ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਉਸਮਾ ਟੋਲ ਪਲਾਜ਼ਾ ਤੇ ਦਿੱਤਾ ਜਾ ਰਿਹਾ ਧਰਨਾ ਅੱਜ 82 ਵੇਂ ਦਿਨ ਵਿੱਚ ਸ਼ਾਮਲ ਹੀ ਚੁੱਕਾ ਹੈ|
ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਨੂੰ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਮਾਨਸਰ ਟੌਲ ਪਲਾਜ਼ਾ ’ਤੇ ਵਿੱਢਿਆ ਸੰਘਰਸ਼ 78ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨਾਂ ਵੱਲੋਂਰਿਲਾਇੰਸ ਪੰਪਾਂ ਤੋਂ ਤੇਲ ਨਾ ਪਵਾਉਣ, ਜੀਓ ਸਿਮ, ਪੰਤਜਲੀ ਤੇ ਅੰਡਾਨੀ ਗਰੁੱਪ ਵੱਲੋਂ ਤਿਆਰ ਵਸਤਾਂ ਘਰਾਂ ਵਿੱਚ ਨਾ ਵਰਤਣ ਦਾ ਸੱਦਾ ਦਿੱਤਾ।
ਹੁਸ਼ਿਆਰਪੁਰ (ਪੱਤਰ ਪੇ੍ਰਕ): ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੌਰਾਨ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਗਿਆ। ਭਾਈ ਨਛੱਤਰ ਸਿੰਘ ਕਥਾ ਵਾਚਕ ਨੇ ਗੁਰੂ ਇਤਿਹਾਸ ’ਤੇ ਚਾਨਣਾ ਪਾਇਆ।
ਕਰਾਵਰ (ਮਜਾਰੀ) ਅਤੇ ਬੱਛੂਆਂ ਟੌਲ ਪਲਾਜ਼ਿਆਂ ’ਤੇ ਪ੍ਰਦਰਸ਼ਨ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਬੱਛੂਆਂ ਅਤੇ ਕਰਾਵਰ (ਮਜਾਰੀ) ਟੌਲ ਪਲਾਜ਼ਿਆਂ ‘ਤੇ 73ਵੇਂ ਦਿਨ ਵੀ ਧਰਨੇ ਜਾਰੀ ਰਹੇ। ਕਰਾਵਰ(ਮਜਾਰੀ)ਟੌਲ ਪਲਾਜ਼ੇ ‘ਤੇ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ‘ਚ ਦਾਖਲ ਹੋ ਗਈ। ‘ਮਨ ਕੀ ਬਾਤ’ ਪ੍ਰੋਗਰਾਮ ਸਮੇਂ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ।