ਗੁਰਬਖਸ਼ਪੁਰੀ
ਤਰਨ ਤਾਰਨ, 12 ਅਪਰੈਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ| ਧਰਨੇ ਵਿੱਚ ਕਿਸਾਨ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ| ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਅਤੇ ਫਤਿਹ ਸਿੰਘ ਪਿੱਦੀ ਨੇ ਕੀਤੀ। ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਉੱਤੇ ਕਾਨੂੰਨ ਬਨਾਉਣ ਅਤੇ ਲਖੀਮਪੁਰਖੀਰੀ ਦੇ ਕਿਸਾਨ ਹੱਤਿਆਂ ਕਾਂਡ ਦੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ’ਤੇ ਜ਼ੋਰ ਦਿੱਤਾ| ਆਗੂਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਆਦਿ ਸੂਬਿਆਂ ਦੇ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਅਤੇ ਜ਼ੋਰ-ਜ਼ਬਰਦਸਤੀ ਪ੍ਰੀ-ਪੇਡ ਮੀਟਰ ਲਗਾਉਣ ਖਿਲਾਫ਼ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ| ਆਗੂਆਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ ਜੋ ਅੱਜ ਤੱਕ ਖੋਖਲੇ ਸਾਬਤ ਹੋ ਰਹੇ ਹਨ|
ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਡੀ.ਸੀ. ਨੂੰ ਮੰਗ ਪੱਤਰ
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਮਨਾਏ ਜਾ ਰਹੇ ਐੱਮਐੱਸਪੀ ਹਫ਼ਤੇ ਤਹਿਤ ਅੱਜ ਇੱਥੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਸੂਬਾ ਪ੍ਰਧਾਨ ਹਰਪਾਲ ਸੰਘਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।