ਪੱਤਰ ਪ੍ਰੇਰਕ
ਪਠਾਨਕੋਟ, 15 ਜੂਨ
ਹਿੰਦੂ ਕੋਆਪਰੇਟਿਵ ਬੈਂਕ ਪਠਾਨਕੋਟ ਵਿੱਚੋਂ ਪੈਸਿਆਂ ਦੀ ਨਿਕਾਸੀ ਨਾ ਹੋਣ ਤੋਂ ਨਿਰਾਸ਼ ਖਾਤਾਧਾਰਕਾਂ ਦੀ ਸੰਘਰਸ਼ ਸਮਿਤੀ ਨੇ ਅੱਜ ਇਥੇ ਬੈਂਕ ਅੱਗੇ ਧਰਨਾ ਦਿੱਤਾ ਤੇ ਰੋਸ ਵਜੋਂ ਬੈਂਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਪ੍ਰਦਰਸ਼ਨ ਦੀ ਅਗਵਾਈ ਸੰਘਰਸ਼ ਸਮਿਤੀ ਦੇ ਪ੍ਰਧਾਨ ਰਜਤ ਬਾਲੀ ਨੇ ਕੀਤੀ। ਇਸ ਧਰਨੇ ਨੂੰ ਕਾਰਪੋਰੇਟਰ ਨਰਿੰਦਰ ਕਾਲਾ ਤੇ ਸੇਵਾ-ਮੁਕਤ ਪ੍ਰਿੰਸੀਪਲ ਸਮਰਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਲਗਪਗ 2 ਘੰਟੇ ਤੱਕ ਚੱਲੇ ਧਰਨੇ ਵਿੱਚ ਕਿਸੇ ਵੀ ਬੈਂਕ ਅਧਿਕਾਰੀ ਨੇ ਖਾਤਾਧਾਰਕਾਂ ਦੀ ਸਾਰ ਨਹੀਂ ਲਈ।
ਬੈਂਕ ਵਿੱਚ ਕੋਈ ਵੀ ਸੀਨੀਅਰ ਅਧਿਕਾਰੀ ਹਾਜ਼ਰ ਨਹੀਂ ਸੀ। ਅਤਿ ਦੀ ਗਰਮੀ ਹੋਣ ਕਰਕੇ ਖਾਤਾਧਾਰਕਾਂ ਨੇ ਬੈਂਕ ਦੇ ਅੰਦਰ ਬੈਠ ਕੇ ਧਰਨਾ ਦਿੱਤਾ ਪਰ 2 ਘੰਟੇ ਤੱਕ ਜਦੋਂ ਕੋਈ ਅਫਸਰ ਨਾ ਆਇਆ ਤਾਂ ਸੰਘਰਸ਼ ਸਮਿਤੀ ਦੇ ਆਗੂਆਂ ਨੇ ਬੈਂਕ ਅਧਿਕਾਰੀ ਰਾਜੀਵ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਬੈਠੇ ਹਨ ਤੇ ਉਨ੍ਹਾਂ ਤੋਂ ਪੈਸਿਆਂ ਦੀ ਨਿਕਾਸੀ ਸ਼ੁਰੂ ਕਰਨ ਦੀ ਇਜ਼ਾਜਤ ਲੈਣ ਆਏ ਹਨ ਪਰ ਡੀਸੀ ਦੇ ਹੋਰ ਕੰਮਾਂ ’ਚ ਰੁੱਝੇ ਹੋਣ ਕਾਰਨ ਮੁਲਾਕਾਤ ਨਹੀਂ ਹੋ ਰਹੀ।
ਕਾਰਪੋਰੇਟਰ ਨਰਿੰਦਰ ਕਾਲਾ ਤੇ ਸਮਰਿੰਦਰ ਸ਼ਰਮਾ ਨੇ ਪਠਾਨਕੋਟ ਦੇ ਵਿਧਾਇਕ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਫੋਨ ’ਤੇ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਧਰਨੇ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਇਸ ਸਮੇਂ ਸੰਗਰੂਰ ਦੀ ਚੋਣ ਵਿੱਚ ਲੱਗੇ ਹੋਏ ਹਨ ਤੇ ਜਦੋਂ ਵਿਹਲੇ ਹੋਣਗੇ ਤਾਂ ਉਹ ਆ ਕੇ ਉਨ੍ਹਾਂ ਨਾਲ ਬੈਠ ਕੇ ਪ੍ਰਦਰਸ਼ਨ ਕਰਨਗੇ।