ਪੱਤਰ ਪ੍ਰੇਰਕ
ਤਰਨ ਤਾਰਨ, 20 ਜੁਲਾਈ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਬਾਬਾ ਦੀਪ ਸਿੰਘ ਜੀ ਇਕਾਈ ਵੱਲੋਂ ਅੱਜ ਇਲਾਕੇ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਪੁਲੀਸ ਚੌਕੀ ਦੋਬੁਰਜੀ ਦੇ ਸਾਹਮਣੇ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਨੂੰ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਪੰਡੋਰੀ ਸਿਧਵਾਂ ਅਤੇ ਸਵਿੰਦਰ ਸਿੰਘ ਖਾਰਾ ਨੇ ਸੰਬੋਧਨ ਕਰਦਿਆਂ ਪੁਲੀਸ ਵੱਲੋਂ ਲੋਕਾਂ ਦੇ ਮਸਲਿਆਂ ਪ੍ਰਤੀ ਪੱਖਪਾਤ ਵਾਲੀ ਨੀਤੀ ਅਖਤਿਆਰ ਕਰਨ ਦਾ ਦੋਸ਼ ਲਗਾਇਆ| ਆਗੂਆਂ ਕਿਹਾ ਕਿ ਪਿੰਡ ਗੋਹਲਵੜ ਤੋਂ ਇਕ ਮੋਟਰਸਾਈਕਲ ਚੋਰੀ ਕੀਤੇ ਜਾਣ ਅਤੇ ਰਟੋਲ ਪਿੰਡ ਤੋਂ ਚੋਰੀਆਂ ਕਰਨ ਵਾਲਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਸੀ ਪਰ ਉਨ੍ਹਾਂ ਨੂੰ ਪੁਲੀਸ ਨੇ ਬਿਨਾਂ ਕਾਰਵਾਈ ਕੀਤਿਆਂ ਛੱਡ ਦਿੱਤਾ| ਉਨ੍ਹਾਂ ਇਵੇਂ ਹੀ ਹੋਰ ਮਾਮਲਿਆਂ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਨਾ ਕਰਨ ਲਈ ਪੁਲੀਸ ਦੀ ਨਿਖੇਧੀ ਕੀਤੀ| ਜਥੇਬੰਦੀ ਨੇ ਇਲਾਕੇ ਦੀਆਂ ਔਰਤਾਂ ਨੂੰ ਇਕ ਵਿੱਤ ਕੰਪਨੀ ਵੱਲੋਂ ਉਨ੍ਹਾਂ ਦੇ ਪੈਸੇ ਦੋਗੁਣੇ ਕਰਨ ਦਾ ਝਾਂਸਾ ਦੇ ਕੇ ਕੋਈ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਵਾਲਿਆਂ ਦੀ ਸਨਾਖਤ ਕਰਨ ਵਿੱਚ ਅਸਫਲ ਰਹਿਣ ਤੇ ਕੋਸਿਆ| ਜਥੇਬੰਦੀ ਨੇ ਐਮਾ ਕਲਾਂ ਦੇ ਵਾਸੀ ਗੁਰਦੇਵ ਸਿੰਘ ਤੇ ਕਤਲ ਦਾ ਕਥਿਤ ਝੂਠਾ ਕੇਸ ਦਰਜ ਕੀਤੇ ਜਾਣ ਦੀ ਵੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ| ਧਰਨਾਕਾਰੀਆਂ ਨੂੰ ਡੀਐੱਸਪੀ ਜਸਪਾਲ ਸਿੰਘ ਨੇ ਮਸਲਿਆਂ ਦਾ ਹੱਲ ਕਰਨ ਦਾ ਵਿਸ਼ਵਾਸ ਦਿੱਤਾ ਜਿਸ ’ਤੇ ਧਰਨਾ ਚੁੱਕ ਲਿਆ ਗਿਆ| ਇਸ ਮੌਕੇ ਮਨਜਿੰਦਰ ਸਿੰਘ ਗੋਹਲਵੜ, ਹਰਦੀਪ ਸਿੰਘ ਜੌਹਲ, ਬਲਜੀਤ ਸਿੰਘ ਰਟੌਲ ਨੇ ਸੰਬੋਧਨ ਕੀਤਾ।