ਐੱਨਪੀ ਧਵਨ
ਪਠਾਨਕੋਟ, 16 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਜ਼ਾਦੀ ਦਿਵਸ ਮੌਕੇ ਪਠਾਨਕੋਟ ਤੋਂ 40 ਕਿਲੋਮੀਟਰ ਦੂਰ ਹਿੰਦ-ਪਾਕਿ ਸਰਹੱਦ ’ਤੇ ਆਖਰੀ ਬੀਐੱਸਐੱਫ ਪੋਸਟ ’ਤੇ ਜਵਾਨਾਂ ਨੂੰ ਮਿਲਣ ਪੁੱਜੇ ਅਤੇ ਹਿੰਦ-ਪਾਕਿ ਜੰਗ ਦੇ ਸ਼ਹੀਦ ਜਵਾਨ ਕਮਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਆਜ਼ਾਦੀ ਦੀ ਮੁਬਾਰਕਵਾਦ ਦਿੰਦਿਆਂ ਫਲ ਤੇ ਮਠਿਆਈਆਂ ਵੰਡੀਆਂ।
ਕੈਬਨਿਟ ਮੰਤਰੀ ਨੇ ਸਰਹੱਦ ਦੇ ਅਖੀਰਲੇ ਪਿੰਡ ਸਿੰਬਲ ਵਿੱਚ ਬੀਐੱਸਐੱਫ ਦੀ ਪੋਸਟ ’ਤੇ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਕਮਲਜੀਤ ਸਿੰਘ ਦੇ ਸਮਾਰਕ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਬੀਐੱਸਐੱਫ ਪੋਸਟ ਦੇ ਜਵਾਨਾਂ ਨੂੰ 75ਵੇਂ ਅਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਜਵਾਨਾਂ ਨਾਲ ਦੁਪਹਿਰ ਦਾ ਖਾਣਾ ਖਾ ਕੇ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਸਰਹੱਦਾਂ ’ਤੇ ਰਾਖੀ ਕਰ ਰਹੇ ਜਵਾਨਾਂ ਅਤੇ ਕੰਡਿਆਲੀ ਤਾਰ ਦੇ ਪਾਰ ਤੇ ਨਾਲ-ਨਾਲ ਖੇਤੀ ਕਰ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਆਏ ਹਨ। ਉਨ੍ਹਾਂ ਦੀ ਇੱਛਾ ਹੈ ਕਿ ਜਵਾਨ ਅਤੇ ਕਿਸਾਨ ਕਿਸੇ ਵੀ ਤਰ੍ਹਾਂ ਤੰਗ ਨਹੀਂ ਹੋਣੇ ਚਾਹੀਦੇ। ਇਸੇ ਕਰਕੇ ਉਹ ਸਰਹੱਦ ’ਤੇ ਜਾ ਕੇ ਖੁਦ ਕਿਸਾਨਾਂ ਤੇ ਜਵਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋ ਰਹੇ ਹਨ। ਉਹ ਇਨ੍ਹਾਂ ਸਮੱਸਿਆਵਾਂ ਨੂੰ ਭਾਰਤ ਸਰਕਾਰ ਤੋਂ ਹੱਲ ਕਰਵਾਉਣਗੇ ਅਤੇ ਜਿਹੜੀਆਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਦੀਆਂ ਹੋਣਗੀਆਂ, ਉਨ੍ਹਾਂ ਨੂੰ ਪੰਜਾਬ ਸਰਕਾਰ ਕੋਲੋਂ ਹੱਲ ਕਰਵਾਉਣਗੇ।