ਪਠਾਨਕੋਟ: ਤਾਰਾਗੜ੍ਹ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਨੂੰ ਜਿੰਦਾ ਬੰਬ ਮਿਲਿਆ। ਇਹ ਬੰਬ ਉਸ ਨੂੰ ਪੁਲ ਪਾਰ ਕਰਦੇ ਸਮੇਂ ਪਾਣੀ ਵਿੱਚੋਂ ਮਿਲਿਆ। ਜਿਸ ਬਾਰੇ ਉਸ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਤੇ ਪੁਲੀਸ ਨੇ ਬੰਬ ਨੂੰ ਕਬਜ਼ੇ ਵਿੱਚ ਲੈ ਕੇ ਆਰਮੀ ਦੇ ਜਵਾਨ ਬੁਲਾ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ। ਏਐਸਆਈ ਸਤਪਾਲ ਨੇ ਦੱਸਿਆ ਕਿ ਐਤਵਾਰ ਨੂੰ ਮਦਨ ਗੋਪਾਲ ਵਾਸੀ ਤਾਰਾਗੜ੍ਹ ਪਸ਼ੂਆਂ ਲਈ ਛੌੜੀਆਂ ਪੁਲ ਕੋਲ ਚਾਰਾ ਤੇ ਝੌਂਪੜੀ ਬਣਾਉਣ ਲਈ ਸਮੱਗਰੀ ਇਕੱਠੀ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਪੁਲ ਅੱਗੇ ਪਾਣੀ ਵਿੱਚੋਂ ਉਸ ਦੇ ਪੈਰ ਵਿੱਚ ਕਿਸੇ ਲੋਹੇ ਦੀ ਕੋਈ ਚੀਜ਼ ਲੱਗੀ ਤਾਂ ਉਸ ਨੇ ਉਸ ਲੋਹੇ ਦੀ ਭਾਰੀ ਵਸਤੂ ਸਮਝ ਕੇ ਉਸ ਨੂੰ ਬਾਹਰ ਕੱਢਿਆ। ਉਸ ਨੇ ਤਾਰਾਗੜ੍ਹ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਉਸ ਬੰਬ ਰੂਪੀ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਥਾਣੇ ਲਿਆ ਕੇ ਡੂੰਘਾ ਟੋਇਆ ਪੁੱਟ ਕੇ ਉਸਨੂੰ ਉਸ ’ਚ ਰੱਖ ਦਿੱਤਾ। ਥਾਣਾ ਮੁਖੀ ਮਨਜੀਤ ਕੌਰ ਨੇ ਆਰਮੀ ਦੀ ਟੀਮ ਨਾਲ ਸੰਪਰਕ ਕੀਤਾ ਤੇ ਅੱਜ ਆਰਮੀ ਦੀ ਟੀਮ ਥਾਣੇ ਵਿੱਚ ਆਈ ਤੇ ਉਸ ਬੰਬ ਨੂੰ ਲਿਜਾ ਕੇ ਹੈਬਤਪਿੰਡੀ ਪਿੰਡ ਕੋਲ ਦਰਿਆ ਕਿਨਾਰੇ ਨਸ਼ਟ ਕਰ ਦਿੱਤਾ। -ਪੱਤਰ ਪ੍ਰੇਰਕ