ਨਰਿੰਦਰ ਸਿੰਘ
ਭਿੱਖੀਵਿੰਡ, 30 ਅਪਰੈਲ
ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਝਬਾਲ ਦਾ ਬੱਸ ਅੱਡਾ ਜਿਸ ਨੂੰ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਜ਼ੂਰ ਕੀਤਾ ਗਿਆ। ਅਕਾਲੀ ਸਰਕਾਰ ਵਲੋਂ ਇਸ ਦੀ ਤਿਆਰੀ ਕਰਨ ਉਪਰੰਤ ਆਪਣੀ ਸਰਕਾਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਦੋ ਕਰੋੜ ਤੋਂ ਵਧ ਦੀ ਲਾਗਤ ਨਾਲ ਬਣੇ ਬੱਸ ਅੱਡੇ 26 ਦਸੰਬਰ 2016 ਨੂੰ ਉਦਘਾਟਨ ਤਰਨ ਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਸੀ। ਬਾਅਦ ਵਿਚ ਸਰਕਾਰ ਕਾਂਗਰਸ ਦੀ ਆ ਗਈ ਅਤੇ ਫਿਰ ਦੂਜੀ ਵਾਰ ਇਸ ਬੱਸ ਅੱਡੇ ਦਾ ਨਿਰੀਖਣ ਤਰਨ ਤਾਰਨ ਤੋਂ ਕਾਂਗਰਸ ਦੇ ਵਿਧਾਇਕ ਬਣੇ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਕੀਤਾ ਗਿਆ ਅਤੇ ਚਾਰ ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਅੱਜ ਕਰੋੜਾਂ ਦੀ ਲਾਗਤ ਵਾਲਾ ਬੱਸ ਅੱਡਾ ਚਿੱਟਾ ਹਾਥੀ ਬਣਿਆ ਖੜ੍ਹਾ ਹੈ। ਜ਼ਿਲ੍ਹਾ ਪਰੀਸ਼ਦ ਮੈਂਬਰ ਮੋਨੂੰ ਚੀਮਾ ਨੇ ਕਿਹਾ ਕਿ ਉਹ ਕਈ ਵਾਰ ਇਸ ਸਬੰਧੀ ਚੇਅਰਮੈਨ ਜ਼ਿਲ੍ਹਾ ਪਰੀਸ਼ਦ ਅਤੇ ਜ਼ਿਲ੍ਹੇ ਦੇ ਹੋਰਨਾਂ ਉੱਚ ਅਧਿਕਾਰੀਆਂ ਕੋਲ ਇਹ ਮੁੱਦਾ ਉਠਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਦੋ- ਤਿੰਨ ਵਾਰ ਬੋਲੀ ਵੀ ਰੱਖੀ ਗਈ ਪਰ ਅਧਿਕਾਰੀਆਂ ਦੇ ਨਾਂ ਪੁੱਜਣ ਕਰਕੇ ਬੋਲੀ ਨਹੀਂ ਹੋਈ। ਉਨ੍ਹਾਂ ਕਿਹਾ ਪੀਡਬਲਿਊਡੀ ਦਾ ਇੱਕ ਲੱਖ ਤੋਂ ਵੱਧ ਦਾ ਬਿੱਲ ਵੀ ਹੈ ਜੋ ਹੁਣ ਅਦਾ ਕੀਤਾ ਗਿਆ ਹੈ। ਉਧਰ ਜ਼ਿਲ੍ਹਾ ਪਰੀਸ਼ਦ ਦੀ ਚੈਅਰਮੈਨ ਹਰਚਰਨਜੀਤ ਕੌਰ ਨੇ ਕਿਹਾ ਜਲਦੀ ਇਸ ਬੱਸ ਅੱਡੇ ਦੀ ਬੋਲੀ ਦੀ ਤਾਰੀਖ਼ ਰੱਖ ਕੇ ਬੋਲੀ ਕਰਵਾ ਦਿੱਤੀ ਜਾਵੇਗੀ। ਉਧਰ ਏਡੀਸੀ ਵਿਕਾਸ ਪਰਮਜੀਤ ਕੌਰ ਨੇ ਕਿਹਾ ਕਿ ਉਹ ਕਿਸੇ ਵੀ ਤਾਰੀਖ਼ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਕਦ ਬੋਲੀ ਹੋਵੇਗੀ ਕਿਉਂਕਿ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਕਾਨਫਰੰਸ ਆਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਂ ਮਿਲੇਗਾ ਬੋਲੀ ਕਰਵਾ ਦਿੱਤੀ ਜਾਵੇਗੀ।