ਐੱਨਪੀ ਧਵਨ
ਪਠਾਨਕੋਟ, 30 ਸਤੰਬਰ
ਦੇਸ਼ ਨੂੰ ਆਜ਼ਾਦ ਹੋਏ ਲੰਬਾ ਸਮਾਂ ਬੀਤ ਚੁੱਕਾ ਹੈ ਪਰ ਸਰਹੱਦੀ ਪਿੰਡ ਅਲਿਆਲ ਤੋਂ ਮਸਤਪੁਰ ਨੂੰ ਜਾਣ ਵਾਲੀ ਡੇਢ ਕਿਲੋਮੀਟਰ ਦੀ ਸੜਕ ਦੀ ਹਾਲਤ ਅਜੇ ਵੀ ਕੱਚੀ ਹੈ। ਕਿਸੇ ਵੀ ਰਾਜਸੀ ਪਾਰਟੀ ਨੇ ਇਸ ਨੂੰ ਪੱਕਾ ਕਰਵਾਉਣ ਦੀ ਹਿੰਮਤ ਨਹੀਂ ਕੀਤੀ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਮਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨ-ਚਾਰ ਵਾਰ ਉਕਤ ਰੋਡ ’ਤੇ ਮਿੱਟੀ ਪਾ ਕੇ ਇਸ ਨੂੰ ਸਮਤਲ ਕਰਕੇ ਚੱਲਣਯੋਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਚੀ ਸੜਕ ਹੋਣ ਕਰਕੇ ਹਰ ਸਾਲ ਇਸ ਉਪਰ ਮਿੱਟੀ ਪਾ ਕੇ ਇਸ ਨੂੰ ਚੱਲਣ ਯੋਗ ਬਣਾਇਆ ਜਾਂਦਾ ਹੈ ਪਰ ਮਾਨਸੂਨ ਵਿੱਚ ਇਹ ਸੜਕ ਮੁੜ ਖਰਾਬ ਹੋ ਜਾਂਦੀ ਹੈ ਤੇ ਇਸ ਉੱਪਰ ਟੋਏ ਪੈ ਜਾਂਦੇ ਹਨ। ਉਨ੍ਹਾਂ ਨੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਈ ਸਰਕਾਰਾਂ ਆਈਆਂ ਅਤੇ ਆਪਣਾ ਕਾਰਜਕਾਲ ਪੂਰਾ ਕਰਕੇ ਚਲੀਆਂ ਗਈਆਂ ਪਰ ਅੱਜ ਤੱਕ ਉਕਤ ਸੜਕ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜੇਕਰ ਸੜਕ ਨੂੰ ਪੱਕਾ ਕਰਵਾ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਪਿੰਡ ਨੂੰ ਹੀ ਨਹੀਂ ਸਗੋਂ ਆਸੇ-ਪਾਸੇ ਦੇ ਹੋਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਇਸ ਸੜਕ ਦੀ ਸਾਰ ਲੈ ਕੇ ਇਸ ਨੂੰ ਪੱਕਾ ਕੀਤਾ ਜਾਵੇ।