ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਮਈ
ਡਿੱਪੂ ਹੋਲਡਰ ਯੂਨੀਅਨ ਬਲਾਕ ਧਾਰੀਵਾਲ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਦਿਲਬਾਗ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਇੱਥੇ ਦਾਣਾ ਮੰਡੀ ’ਚ ਹੋਈ। ਡਿੱਪੂ ਹੋਲਡਰਾਂ ਨੇ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਪਹੁੰਚਾਉਣ ਦੇ ਐਲਾਨ ਦਾ ਸਖ਼ਤ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਬੇਰੁਜ਼ਗਾਰੀ ਖਤਮ ਕਰਨ ਦੀ ਗਾਰੰਟੀ ਦੇ ਕੇ ਪੰਜਾਬ ’ਚ ਸੱਤਾ ਹਾਸਲ ਕੀਤੀ ਸੀ। ਪਰ ਹੁਣ ਪੰਜਾਬ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਘਰ-ਘਰ ਆਟਾ ਪਹੁੰਚਾਉਣ ਵਾਲਾ ਫੈਸਲਾ ਲੈ ਕੇ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰਨ ’ਤੇ ਤੁਰੀ ਹੋਈ ਹੈ। ਇਹ ਫੈਸਲਾ ਪੰਜਾਬ ਦੇ ਲਗਪਗ 18 ਹਜ਼ਾਰ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਸਮੂਹ ਡਿੱਪੂ ਹੋਲਡਰ 16 ਮਈ ਨੂੰ ਰਾਜ ਭਵਨ ਚੰਡੀਗੜ੍ਹ ਵਿੱਚ ਸਰਕਾਰ ਵਿਰੁੱਧ ਧਰਨਾ ਦੇਣਗੇ। ਮੀਟਿੰਗ ’ਚ ਡਿੱਪੂ ਹੋਲਡਰ ਗੁਰਦੇਵ ਸਿੰਘ, ਮੱਖਣ ਸਿੰਘ ਪੀਰ ਦੀ ਸੈਨ, ਜਗਮੋਹਣ ਸਿੰਘ, ਮਹਿੰਦਰ ਸਿੰਘ, ਧਰਮ ਸਿੰਘ, ਇਕਬਾਲ ਮਸੀਹ, ਦਲਬੀਰ ਸਿੰਘ ਹਾਜ਼ਰ ਸਨ।