ਗੁਰਬਖਸ਼ਪੁਰੀ
ਤਰਨ ਤਾਰਨ, 6 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕਿਸਾਨਾਂ-ਮਜ਼ਦੂਰਾਂ ਦਾ ਜੱਥਾ ਸਿੰਘੂ ਬਾਰਡਰ ਲਈ ਰਵਾਨਾ ਹੋਇਆ| ਜੱਥੇ ਦੀ ਅਗਵਾਈ ਸੁਖਦੇਵ ਸਿੰਘ ਸ਼ਹਾਬਪੁਰ ਅਤੇ ਸਤਨਾਮ ਸਿੰਘ ਸ਼ਹਾਬਪੁਰ ਨੇ ਕੀਤੀ| ਪਿੰਡ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਗੂਆਂ ਨੇ ਚਰਚਿਤ ਖੇਤੀ ਕਾਨੂੰਨਾਂ ਦੇ ਸਮਾਜ ਦੇ ਸਾਰੇ ਵਰਗਾਂ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਪੇਸ਼ ਕੀਤੇ ਗਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਬਾਠ, ਸਕੱਤਰ ਸਿੰਘ ਖਹਿਰਾ, ਸਕੱਤਰ ਸਿੰਘ ਪੰਨੂ, ਨਰਿੰਦਰ ਸਿੰਘ ਬਾਠ, ਸਰਪੰਚ ਜਗਦੀਸ਼ ਸਿੰਘ ਪੰਨੂੰ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਭਾਜਪਾ ਆਗੂਆਂ ਵਲੋਂ ਵਾਹਨਾਂ ਹੇਠ ਕੁਚਲਣ ਦੀ ਘਟਨਾ ਨੂੰ ਕੇਂਦਰ ਸਰਕਾਰ ਦੀ ਬੁਖਲਾਹਟ ਕਰਾਰ ਦਿੱਤਾ ਤੇ ਕਾਨੂੰਨਾਂ ਦੇ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਨਿਸ਼ਚਾ ਕੀਤਾ|