ਜਗਜੀਤ ਸਿੰਘ
ਮੁਕੇਰੀਆਂ, 22 ਫਰਵਰੀ
ਮੋਦੀ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਖਿਲਾਫ ਧੜਾਧੜ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਅਤੇ ਪੈਟਰੋਲੀਅਮ ਪਦਾਰਥਾਂ ਸਮੇਤ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਖਿਲਾਫ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪਿੰਡ ਜਾਹਿਦਪੁਰ ਅਵਾਣਾ ਵਿਖੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਐਕਸ਼ਨ ਦੀ ਅਗਵਾਈ ਡਾ. ਹੰਸ ਰਾਜ, ਮੋਹਣ ਲਾਲ, ਰੋਸ਼ਨ ਲਾਲ ਅਤੇ ਸੁਖਦੇਵ ਸਿੰਘ ਨੇ ਕੀਤੀ, ਜਦੋਂ ਕਿ ਇਸ ਮੌਕੇ ਕਿਸਾਨ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ, ਵਿਜੇ ਸਿੰਘ ਪੋਤਾ, ਅਰਜਿੰਦਰ ਪਾਲ ਸਿੰਘ, ਗੁਰਦੇਵ ਸਿੰਘ, ਅਮਨ ਸਿੰਘ ਅਤੇ ਕਮਲਦੀਪ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਮੁੜ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਗੁਲਾਮ ਬਣਾਉਣ ਦੀਆਂ ਕੋਸ਼ਿਸ਼ਾਂ ਕਰਨਾ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਅਤੇ ਅੰਗਰੇਜ਼ ਸਰਕਾਰ ਦੇ ਤਸੀਹੇ ਝੱਲਣ ਵਾਲੇ ਦੇਸ਼ ਭਗਤਾਂ ਦਾ ਅਪਮਾਨ ਕਰਨ ਦੇ ਬਰਾਬਰ ਹੈ। ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀ ਰੋਜ਼ੀ ਰੋਟੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਕੁਮਾਰ ਵੀਨੂੰ, ਰਾਜਨ, ਦਵਿੰਦਰ ਸਿੰਘ, ਮਨਿੰਦਰ ਸਿੰਘ, ਕਮਲਜੀਤ ਕੌਰ, ਰਮਨ ਕੁਮਾਰ, ਕਮਲੇਸ਼ ਕੁਮਾਰੀ, ਗੁਰਦਿਆਲ ਸਿੰਘ, ਗੁਰਪਾਲ ਸਿੰਘ, ਅਮਰਜੀਤ ਕੌਰ, ਲਵਪ੍ਰੀਤ, ਵਰਿੰਦਰ ਸਿੰਘ, ਤਰਲੋਕ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ ਹੈਪੀ, ਪਰਮਜੀਤ ਗੋਲਡੀ, ਦੀਵਾਨ ਚੰਦ, ਗੁਰਦੀਪ ਸਿੰਘ ਅਤੇ ਸੋਨੂੰ ਵੀ ਹਾਜ਼ਰ ਸਨ।
ਚੇਤਨਪੁਰਾ (ਪੱਤਰ ਪੇ੍ਰਕ): ਦਿਨੋ ਦਿਨ ਵਧ ਰਹੀਆਂ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਵਰਕਰਾਂ ਵੱਲੋਂ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕੇਂਦਰ ਜਲਦ ਤੋਂ ਜਲਦ ਪੈਟਰੋਲ ਅਤੇ ਡੀਜ਼ਲ ਤੇ ਗੈਸ ਦੀਆਂ ਕੀਮਤਾਂ ਘੱਟ ਕਰੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਤੇਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਦੇ ਚਲਦੇ ਕੇਂਦਰ ਨੇ ਆਮ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਵੈਟ ਲਾ ਕੇ ਆਮ ਲੋਕਾਂ ਦੀ ਜੇਬ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀਆਂ ਕੀਮਤਾਂ ਉਥੇ ਦੀਆਂ ਉਥੇ ਹੀ ਹਨ ਅਤੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਇਸ ਦਾ ਕਿਸਾਨਾਂ ’ਤੇ ਵੀ ਬਹੁਤ ਜ਼ਿਆਦਾ ਅਸਰ ਪਵੇਗਾ।
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਤੇਲ ਕੀਮਤਾਂ ’ਚ ਵਾਧੇ ਦਾ ਵਿਰੋਧ
ਮੁਕੇਰੀਆਂ: ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਾਤਾਰ ਵਧਾਈਆਂ ਜਾ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦਾ ਤਿੱਖਾ ਵਿਰੋਧ ਕਰਦਿਆਂ ਸ਼ੋ੍ਮਣੀ ਅਕਾਲੀ ਦਲ (ਅ) ਨੇ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਜਥੇਦਾਰ ਗੁਰਵਤਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਦੇਸ਼ ਅੰਦਰ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਕਚੁੰਮਰ ਕੱਢ ਕੇ ਰੱਖ ਦਿੱਤਾ ਹੈ। ਦੇਸ਼ ਦੇ ਸੰਵਿਧਾਨਕ ਢਾਂਚੇ ਦੀਆਂ ਧੱਜੀਆਂ ਉਡਾ ਕੇ ਬਣਾਏ ਗਏ ਕਾਲੇ ਖੇਤੀ ਕਨੂੰਨਾਂ ਰਾਹੀਂ ਦੇਸ਼ ਦੀ ਕਿਸਾਨੀ ਨੂੰ ਆਪਣੇ ਚਹੇਤੇ ਅੰਬਾਨੀ ਅਡਾਨੀ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬਲਵਿੰਦਰ ਸਿੰਘ, ਹਰਭਜਨ ਸਿੰਘ ਤੇ ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਰਿਲਾਇੰਸ ਦਫ਼ਤਰ ਬਾਹਰ ਧਰਨਾ 103ਵੇਂ ਦਿਨ ’ਚ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਦਾ ਸਥਾਨਕ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ 103ਵੇਂ ਦਿਨ ’ਚ ਸ਼ਾਮਿਲ ਹੋ ਚੁੱਕਿਆ ਹੈ। ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਰਾਜਪੁਰ ਭਾਈਆਂ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 23 ਫ਼ਰਵਰੀ ਨੂੰ ਸ਼ਹੀਦ ਭਗਤ ਸਿੰਘ ਚਾਚਾ ਅਜੀਤ ਸਿੰਘ ਦੀ ਯਾਦ ਵਿਚ ਇਤਿਹਾਸਕ ਪਗੜੀ ਸੰਭਾਲ ਜੱਟਾ ਕਿਸਾਨ ਲਹਿਰ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਕਿਸਾਨੀ ਸੰਘਰਸ਼ ਨੂੰ ਅਸਫ਼ਲ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸ਼ਾਂਤੀਪੂਰਵਕ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।
ਕਿਸਾਨ ਅੰਦੋਲਨ ਦੇ ਹੱਕ ’ਚ ਸਮਾਗਮ ਕਰਨ ਦਾ ਫੈਸਲਾ
ਤਰਨ ਤਾਰਨ (ਪੱਤਰ ਪੇ੍ਰਕ): ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਇਕਾਈ ਦੀ ਅੱਜ ਇਥੇ ਕੀਤੀ ਇਕ ਮੀਟਿੰਗ ਵਿੱਚ ਜਥੇਬੰਦੀ ਨੇ 8 ਮਾਰਚ ਇਸਤਰੀ ਦਿਹਾੜੇ ਮੌਕੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਕਰਨ ਦਾ ਫੈਸਲਾ ਲਿਆ| ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਦੀ ਪ੍ਰਧਾਨਗੀ ਹੇਠ ਕੀਤੀ ਇਸ ਮੀਟਿੰਗ ਨੂੰ ਸਭਾ ਦੀ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਜਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਕਿਰਨਜੀਤ ਕੌਰ ਵਲਟੋਹਾ, ਹਰਜਿੰਦਰ ਕੌਰ ਅਲਗੋਂ, ਬਰਜਿੰਦਰ ਕੌਰ ਡਿਆਲ, ਹਰਜੀਤ ਕੌਰ ਫਤਿਆਬਾਦ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਲੋਕ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ|
ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਪਿੰਡ ਮੰਜਿਆਂਵਾਲੀ ਤੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਸਾਹਿਬ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਜੇਲ੍ਹਾਂ ਵਿੱਚ ਨਾਜਾਇਜ਼ ਬੰਦ ਕੀਤੇ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਵਾਰੀ ਬੰਨ੍ਹ ਕੇ ਕਿਸਾਨਾਂ ਦੇ ਜਥੇ ਖੇਤੀ ਕਨੂੰਨ ਰੱਦ ਹੋਣ ਤੱਕ ਜਾਂਦੇ ਰਹਿਣਗੇ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਸ਼ਰਨਜੀਤ ਸਿੰਘ, ਪ੍ਰਦੀਪ ਸਿੰਘ ਅਤੇ ਸਵਿੰਦਰ ਸਿੰਘ ਸ਼ਾਮਿਲ ਸਨ।