ਪੱਤਰ ਪ੍ਰੇਰਕ
ਪਠਾਨਕੋਟ, 31 ਅਗਸਤ
ਚੱਕੀ ਦਰਿਆ ਵਿੱਚ ਬੀਤੇ ਦਿਨੀਂ ਆਏ ਹੜ੍ਹ ਦੇ ਪਾਣੀ ਕਾਰਨ ਮੁਹੱਲਾ ਬੇਦੀ ਬੱਜਰੀ ਕੰਪਨੀ ਵਿੱਚ ਖੋਰਾ ਲੱਗਣ ਨਾਲ ਭੂਮੀ ਕਟਾਅ ਹੋਣ ’ਤੇ ਉੱਥੇ ਰਹਿ ਰਹੀ ਆਬਾਦੀ ਖ਼ਤਰੇ ਹੇਠ ਆ ਗਈ ਹੈ। ਇਸ ਕਾਰਨ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਇਸ ਖੇਤਰ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਪੱਥਰਾਂ ਦੇ ਕਰੇਟ ਪਾਏ ਜਾਣ ਦੀ ਮੰਗ ਲਈ ਅੱਜ ਸਾਬਕਾ ਕੌਂਸਲਰ ਯੋਗੇਸ਼ ਠਾਕੁਰ ਦੇ ਅਗਵਾਈ ਵਿੱਚ ਪਠਾਨਕੋਟ-ਕੁੱਲੂ ਕੌਮੀ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਕੁੰਤੀ ਦੇਵੀ, ਜਗਦੀਸ਼ ਰਾਜ, ਸੁਰਿੰਦਰ ਕੌਰ, ਰਾਜ ਰਾਣੀ, ਲਕਸ਼ਮੀ, ਕਵਿਤਾ ਦੇਵੀ, ਸੀਮਾ ਦੇਵੀ, ਸੁਨੀਤਾ ਆਦਿ ਹਾਜ਼ਰ ਸਨ।
ਇਸ ਮੌਕੇ ਸਾਬਕਾ ਕੌਂਸਲਰ ਯੋਗੇਸ਼ ਠਾਕੁਰ ਨੇ ਕਿਹਾ ਕਿ ਮੁਹੱਲਾ ਬੇਦੀ ਬੱਜਰੀ ਕੰਪਨੀ ਵਿੱਚ ਬੜੀ ਗਿਣਤੀ ਵਿੱਚ ਆਬਾਦੀ ਵਸੀ ਹੋਈ ਹੈ। ਦੁੱਖ ਦੀ ਗੱਲ ਹੈ ਕਿ ਇਹ ਆਬਾਦੀ ਚੱਕੀ ਦਰਿਆ ਵਿੱਚ ਆਏ ਹੜ੍ਹ ਕਾਰਨ ਖ਼ਤਰੇ ਹੇਠ ਆ ਚੁੱਕੀ ਹੈ। ਹਾਲਤ ਇਹ ਹੋ ਗਈ ਹੈ ਕਿ ਇਨ੍ਹਾਂ ਦੇ ਘਰਾਂ ਤੋਂ ਦਰਿਆ ਦੀ ਦੂਰੀ ਸਿਰਫ਼ 20-22 ਫੁੱਟ ਹੀ ਰਹਿ ਗਈ ਹੈ ਪਰ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੀ ਰੋਕਥਾਮ ਨੂੰ ਲੈ ਕੇ ਕੋਈ ਕਦਮ ਚੁੱਕੇ ਗਏ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਜੇ ਫਿਰ ਹੜ੍ਹ ਦਾ ਪਾਣੀ ਆ ਗਿਆ ਤਾਂ ਉਹ ਕਿਸੇ ਵੀ ਸਮੇਂ ਹੜ੍ਹ ਦੀ ਲਪੇਟ ਵਿੱਚ ਆ ਸਕਦੇ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਵਿੱਚ ਇਸ ਖੇਤਰ ’ਚ ਹੋ ਰਹੇ ਭੂਮੀ ਕਟਾਅ ਦੀ ਰੋਕਥਾਮ ਲਈ ਕੋਈ ਕਦਮ ਨਾ ਚੁੱਕੇ ਗਏ ਤਾਂ ਫਿਰ ਉਹ ਲਗਾਤਾਰ ਸੰਘਰਸ਼ ਸ਼ੁਰੂ ਕਰ ਦੇਣਗੇ।