
ਥਾਣੇ ਮੂਹਰੇ ਧਰਨਾ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।
ਐਨ.ਪੀ.ਧਵਨ
ਪਠਾਨਕੋਟ, 31 ਜਨਵਰੀ
ਪਿਛਲੇ ਦਿਨੀਂ 24 ਜਨਵਰੀ ਨੂੰ ਇੱਕ ਨਬਾਲਿਗ ਲੜਕੀ ਨੂੰ ਇੱਕ ਲੜਕੇ ਵੱਲੋਂ ਵਰਗਲਾ ਕੇ ਲਿਜਾਣ ਦੇ ਜੁਰਮ ਵਿੱਚ ਤਾਰਾਗੜ੍ਹ ਪੁਲੀਸ ਨੇ ਕੈਲਾਸ਼ ਪੁੱਤਰ ਯਸ਼ਪਾਲ ਵਾਸੀ ਡੱਲਾ ਬਲੀਮ ਖਿਲਾਫ ਥਾਣਾ ਤਾਰਾਗੜ੍ਹ ਵਿੱਚ ਮਾਮਲਾ ਦਰਜ ਕੀਤਾ ਸੀ ਪਰ ਪੁਲੀਸ ਵੱਲੋਂ ਅਜੇ ਤੱਕ ਮੁਲਜ਼ਮ ਦਾ ਪਤਾ ਨਾ ਲਗਾ ਸਕਣ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਸੀ ਜਿਸ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਤਾਰਾਗੜ੍ਹ ਪੁਲੀਸ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਉਹ ਮੰਗ ਕਰ ਰਹੇ ਸਨ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਪਤਾ ਲਗਾਇਆ ਜਾਵੇ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਲੜਕੀ ਦਾ ਪਿਤਾ ਰਣਬੀਰ ਸਿੰਘ, ਮਾਤਾ ਅੰਜੂ, ਪ੍ਰੋਮਿਲਾ ਦੇਵੀ, ਵਿਮਲਾ ਦੇਵੀ, ਵਿਜੇ ਸਿੰਘ, ਕਸ਼ਮੀਰ ਸਿੰਘ, ਸਰੋਜ ਬਾਲਾ, ਸੁਸ਼ਮਾ ਦੇਵੀ, ਸੋਨੂ ਲਲੋਤਰਾ, ਦਿਲਬਾਗ ਸਿੰਘ, ਕਰਨੈਲ ਸਿੰਘ, ਮਨੀਸ਼ਾ ਦੇਵੀ ਆਦਿ ਸ਼ਾਮਲ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਦੀ ਢਿੱਲੀ ਕਾਰਜਪ੍ਰਣਾਲੀ ਕਰਕੇ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।
ਡੀਐਸਪੀ ਸਮੀਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਭਰੋਸੇ ਬਾਅਦ ਧਰਨਾ ਤਾਂ ਚੁੱਕ ਦਿੱਤਾ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਲੜਕਾ, ਲੜਕੀ ਬਰਾਮਦ ਨਾ ਕੀਤੇ ਗਏ ਤਾਂ ਫਿਰ ਰੋਜ਼ਾਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ