ਪੱਤਰ ਪ੍ਰੇਰਕ
ਪਠਾਨਕੋਟ, 29 ਮਈ
ਕੰਢੀ ਵਿਕਾਸ ਮੋਰਚਾ ਵੱਲੋਂ ਪ੍ਰਧਾਨ ਓਮ ਪ੍ਰਕਾਸ਼ ਮੱਘਰ ਦੀ ਅਗਵਾਈ ਵਿੱਚ ਧਾਰ ਬਲਾਕ ਦੇ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਕਿੱਲਤ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਐੱਸਡੀਐਮ ਦਫਤਰ ਮੂਹਰੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਕਾਰਜਸ਼ੈਲੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਹੱਲ ਕਰਨ ਅਤੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕਰਨ ਦੀ ਮੰਗ ਕੀਤੀ। ਮੋਰਚੇ ਦੇ ਆਗੂਆਂ ਓਮ ਪ੍ਰਕਾਸ਼ ਮੱਘਰ, ਅਸ਼ਵਨੀ ਕੁਮਾਰ, ਸੂਰਜ ਪ੍ਰਕਾਸ਼, ਪ੍ਰੇਮ ਸਿੰਘ ਢਾਂਗੂ ਸਰਾਂ, ਸੁਸ਼ਮਾ ਦੇਵੀ, ਬਲਕਾਰ ਸਿੰਘ, ਨਰਾਇਣਪੁਰ, ਕੇਹਰ ਸਿੰਘ ਅਤੇ ਮਧੂ ਬਾਲਾ ਨੇ ਕਿਹਾ ਕਿ ਧਾਰ ਬਲਾਕ ਵਿੱਚ ਕਈ ਪਿੰਡਾਂ ਵਿੱਚ ਹਫਤੇ ਵਿੱਚ ਕੇਵਲ 2 ਦਿਨ ਹੀ ਪਾਣੀ ਮਿਲ ਰਿਹਾ ਹੈ ਅਤੇ ਪੂਰੀ ਮਾਤਰਾ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਤੇ ਲੋਕਾਂ ਨੂੰ ਦੂਰ ਦੁਰਾਡੇ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਕਈ ਪਿੰਡਾਂ ਵਿੱਚ ਤਾਂ ਦੂਸ਼ਿਤ ਪਾਣੀ ਟੂਟੀਆਂ ਰਾਹੀਂ ਆਉਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।