ਐੱਨਪੀ ਧਵਨ
ਪਠਾਨਕੋਟ, 3 ਮਈ
ਪਿੰਡ ਵਿੱਚ ਦਾਖਲ ਹੋ ਕੇ ਲੋਕਾਂ ’ਤੇ ਹਮਲਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪਿੰਡ ਭੜੋਲੀ ਕਲਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵਿਕਰਮ ਠਾਕੁਰ, ਇੰਦੂ ਬਾਲਾ, ਨਰੇਸ਼ ਕੁਮਾਰੀ, ਸ਼ਕੁੰਤਲਾ ਦੇਵੀ, ਕਿਰਨ ਬਾਲਾ, ਸੁਨੀਤਾ ਦੇਵੀ, ਨਿਖਿਲ ਕੁਮਾਰ, ਸਾਗਰ ਸਿੰਘ, ਜੋਗਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਪਿੰਡ ਕੋਲ ਪੈਂਦੇ ਗਰਾਊਂਡ ਵਿੱਚ ਕੁਝ ਬੱਚੇ ਖੇਡ ਰਹੇ ਸਨ ਕਿ ਉੱਥੇ ਇੱਕ ਅਣਪਛਾਤਾ ਵਿਅਕਤੀ ਕਾਰ ਚਲਾਉਣਾ ਸਿੱਖ ਰਿਹਾ ਸੀ। ਕਾਰ ਨਾਲ ਬੱਚੇ ਨੂੰ ਟੱਕਰ ਲੱਗਣ ਲੱਗੀ ਤਾਂ ਲੋਕਾਂ ਨੇ ਉਸ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਕਾਰ ਸਿੱਖਣ ਨੂੰ ਕਿਹਾ ਤਾਂ ਉਸ ਨੇ ਆਪਣੇ ਕੁਝ ਸਾਥੀਆਂ ਨੂੰ ਹਥਿਆਰਾਂ ਸਮੇਤ ਉੱਥੇ ਬੁਲਾ ਲਿਆ। ਉਸ ਦੇ ਸਾਥੀਆਂ ਨੇ ਆਉਂਦੇ ਸਾਰ ਹੀ ਬੱਚਿਆਂ ’ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਬੱਚੇ ਜਦ ਆਪਣੀ ਜਾਨ ਬਚਾਉਣ ਲਈ ਪਿੰਡ ਵੱਲ ਭੱਜੇ ਤਾਂ ਉਹ ਲੋਕ ਪਿੰਡ ਵਿੱਚ ਆ ਗਏ। ਉਨ੍ਹਾਂ ਉਥੇ ਤੇਜ਼ਧਾਰ ਹਥਿਆਰਾਂ ਨਾਲ ਬੱਚਿਆਂ ਦੇ ਨਾਲ-ਨਾਲ ਪਿੰਡ ਵਾਲਿਆਂ ’ਤੇ ਵੀ ਹਮਲਾ ਕਰ ਦਿੱਤਾ। ਪਰ ਪਿੰਡ ਵਾਲਿਆਂ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਫੜ੍ਹ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਥਾਣਾ ਮੁਖੀ ਮਨਜੀਤ ਕੌਰ ਨੇ ਕਿਹਾ ਕਿ ਬੀਤੀ ਰਾਤ ਨੂੰ 2 ਗੁੱਟਾਂ ਵਿੱਚ ਲੜਾਈ ਹੋਈ ਸੀ। ਇੱਕ ਪੱਖ ਨੇ ਸ਼ਿਕਾਇਤ ਦਰਜ ਕਰਵਾਈ ਹੈ ਜਦ ਕਿ ਦੂਸਰੇ ਪੱਖ ਨੇ ਨਹੀਂ ਕਰਵਾਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਕੋਈ ਮੁਲਜ਼ਮ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।