ਗੁਰਚਰਨਜੀਤ ਬਾਵਾ
ਘੁਮਾਣ, 1 ਜਨਵਰੀ
ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਬੀਤੇ ਦਿਨੀਂ ਦਿਨ-ਦਿਹਾੜੇ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਪੀੜਤ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਘੁਮਾਣ ਚੌਕ ਵਿਚ ਰੱਖ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੀੜਤ ਪਰਿਵਾਰ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਦੋ ਸਕੇ ਭਰਾਵਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਪੀੜਤ ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਘੁਮਾਣ ਪੁਲੀਸ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤੱਕ ਇਹ ਧਰਨਾ ਅਤੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਥਾਣਾ ਘੁਮਾਣ ਦੇ ਮੁਖੀ ਅਰਜਨਪਾਲ ਨੇ ਦੱਸਿਆ ਕਿ ਮੁਲਜ਼ਮ, ਪੀੜਤ ਪਰਿਵਾਰ ਦੇ ਰਿਸ਼ਤੇਦਾਰ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀਆਂ ਤਿੰਨ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ’ਤੇ ਭੇਜੀਆਂ ਗਈਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਦੋਹਾਂ ਮੁਲਜ਼ਮ ਸਾਹਿਲ ਅਤੇ ਰੋਹਿਨ ਖ਼ਿਲਾਫ਼ ਧਾਰਾ 302 ਤਹਿਤ ਕੇਸ ਸ਼ੁੱਕਰਵਾਰ ਨੂੰ ਹੀ ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਘਟਨਾ ਵਿਚ ਸ਼ਾਮਲ ਮੁਲਜ਼ਮ ਜੋ ਕਿ ਸਕੇ ਭਰਾ ਹਨ, ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ।
ਉਪਰੰਤ ਮੌਕੇ ’ਤੇ ਪਹੁੰਚੇ ਸ੍ਰੀਹਰਗੋਬਿੰਦਪੁਰ ਦੇ ਡੀਐੱਸਪੀ ਜਤਿੰਦਰਪਾਲ ਨੇ ਧਰਨਾ ਦੇ ਰਹੇ ਪੀੜਤ ਪਰਿਵਾਰ ਕੋਲ ਪਹੁੰਚ ਕੇ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਡੀਐੱਸਪੀ ਦੇ ਭਰੋਸੇ ਮਗਰੋਂ ਪੀੜਤ ਪਰਿਵਾਰ ਨੇ ਇਹ ਧਰਨਾ ਚੁੱਕ ਦਿੱਤਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਅਜੈਪਾਲ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮੁਲਜ਼ਮਾਂ ਨੂੰ ਦਿੱਤੇ ਇੱਕ ਹਜ਼ਾਰ ਰੁਪਏ ਵਾਪਸ ਲੈਣ ਗਿਆ ਸੀ ਪਰ ਇਸ ਦੌਰਾਨ ਝਗੜਾ ਹੋਣ ’ਤੇ ਦੋ ਭਰਾਵਾਂ ਨੇ ਉਸ ਦੀ ਛਾਤੀ ਵਿੱਚ ਕਿਰਚ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਅਜੈਪਾਲ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।