ਸਰਕਾਰੀ ਨੀਤੀਆਂ ਦਾ ਵਿਰੋਧ

‘ਆਪ’ ਦੇ ਐੱਸਸੀ ਵਿੰਗ ਵੱਲੋਂ ਮੁਜ਼ਾਹਰਾ

‘ਆਪ’ ਦੇ ਐੱਸਸੀ ਵਿੰਗ ਵੱਲੋਂ ਮੁਜ਼ਾਹਰਾ

ਪਠਾਨਕੋਟ ’ਚ ਡੀਸੀ ਦਫਤਰ ਮੂਹਰੇ ਜਾਂਚ ਦੀ ਮੰਗ ਕਰਦੇ ਹੋਏ ‘ਆਪ’ ਆਗੂ।-ਫੋਟੋ:ਧਵਨ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ

ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਨੇ ਸੂਬੇ ਵਿਚੋਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਅਤੇ ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਮੌਕੇ ਇਕ ਮੰਗ ਪੱਤਰ ਵੀ ਮੁੱਖ ਮੰਤਰੀ ਦੇ ਨਾਂ ਭੇਜਿਆ ਗਿਆ। ਇਹ ਰੋਸ ਵਿਖਾਵਾ ਐੱਸਸੀ ਵਿੰਗ ਦੇ ਪ੍ਰਧਾਨ ਪਦਮ ਐਨਥਨੀ, ਬਲਵਿੰਦਰ ਸਿੰਘ, ਦਲਬੀਰ ਸਿੰਘ, ਅਸ਼ੋਕ ਤਲਵਾੜ, ਰਜਿੰਦਰ , ਵੇਦ ਪ੍ਰਕਾਸ਼ ਬਬਲੂ, ਰਵਿੰਦਰ ਹੰਸ ਤੇ ਹੋਰਨਾਂ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨਰੀਆਂ ਨੇ ਹੱਥਾਂ ਵਿਚ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਵਿਚ ਵੱਖ ਵੱਖ ਮੰਗਾਂ ਦਾ ਜ਼ਿਕਰ ਸ਼ਾਮਲ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੋੜਵੰਦ ਲੋਕਾਂ ਦੇ ਹੱਕ ਮਾਰੇ ਗਏ ਹਨ। ਉਨ੍ਹਾਂ ਮੁਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਕੁਝ ਸਿੱਖਣ, ਜਿਥੇ ਬਿਨਾਂ ਰਾਸ਼ਨ ਕਾਰਡ ਵਾਲੇ ਵੀ ਲੱਖਾਂ ਲੋੜਵੰਦਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਮੁਹੱਈਆ ਕੀਤੀਆਂ ਗਈਆਂ ਹਨ।

ਆਮ ਆਦਮੀ ਪਾਰਟੀ ਵੱਲੋਂ ਜਾਂਚ ਦੀ ਮੰਗ

ਪਠਾਨਕੋਟ (ਪੱਤਰ ਪ੍ਰੇਰਕ): ਰਾਸ਼ਨ ਵੰਡਣ ਪ੍ਰਕਿਰਿਆ ਵਿੱਚ ਵੱਡੇ ਪੱਧਰ ਤੇ ਕੀਤੀ ਗਈ ਘਪਲੇਬਾਜ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਐੱਸਡੀਐਮ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਵਫਦ ਵਿੱਚ ਪਠਾਨਕੋਟ, ਸੁਜਾਨਪੁਰ ਅਤੇ ਭੋਆ ਦੇ ਹਲਕਾ ਇੰਚਾਰਜ ਕ੍ਰਮਵਾਰ ਸੌਰਭ ਬਹਿਲ, ਸੁਭਾਸ਼ ਵਰਮਾ ਤੇ ਨਰਿੰਦਰ ਸਿੰਘ, ਠੇਕੇਦਾਰ ਅਮਰਜੀਤ ਸਿੰਘ, ਭੁਪਿੰਦਰ ਗਿੱਲ ਆਦਿ ਆਗੂ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਕਰੋਨਾ ਦੌਰਾਨ ਲਾਲ ਕਾਪੀ, ਨੀਲੇ ਕਾਰਡਾਂ ਦੇ ਕੱਟੇ ਜਾਣ ਤੇ ਰਾਸ਼ਨ ਵੰਡਣ ਪ੍ਰਕਿਰਿਆ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ। ਸਾਰੇ ਘਪਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਡੀਸੀ ਨੂੰ ਮੰਗ ਪੱਤਰ ਸੌਂਪਿਆ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਨੀਲੇ ਕਾਰਡ ਕੱਟਣ ਅਤੇ ਰਾਸ਼ਨ ਦੀ ਕਾਣੀ ਵੰਡ ਕਰਨ ਦੇ ਵਿਰੋਧ ’ਚ ਆਮ ਆਦਮੀ ਪਾਰਟੀ (ਆਪ) ਦਾ ਵਫ਼ਦ ਜ਼ਿਲ੍ਹਾ ਗੁਰਵਿੰਦਰ ਸਿੰਘ ਪਾਬਲਾ ਅਤੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਸ੍ਰੀ ਪਾਬਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਾਅਵਿਆਂ ਮੁਤਾਬਿਕ 70,725 ਮੀਟਰਕ ਟਨ ਅਨਾਜ ਅਤੇ 10,000 ਮੀਟਰਕ ਟਨ ਦਾਲਾਂ ਪੰਜਾਬ ਲਈ ਭੇਜੀਆਂ ਗਈਆਂ ਪਰ ਇਹ ਰਾਸ਼ਨ ਲੋਕਾਂ ਵਿੱਚ ਵੰਡਿਆ ਹੀ ਨਹੀਂ ਗਿਆ।ਇਸ ਮੌਕੇ ਹਲਕਾ ਇੰਚਾਰਜ ਸੰਦੀਪ ਸੈਣੀ, ਉਪ ਪਰਧਾਨ ਲਵਦੀਪ ਸਿੰਘ ਗਿੱਲ, ਜਸਪਾਲ ਸਿੰਘ, ਕੁਲਦੀਪ ਮਿੰਟੂ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All