ਗੁਰਬਖਸ਼ਪੁਰੀ
ਤਰਨ ਤਾਰਨ, 18 ਮਾਰਚ
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ (ਸੀਟੂ) ਦੀ ਸਥਾਨਕ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਵਲੋਂ ਦਹਾਕਿਆਂ ਤੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਖਿਲਾਫ ਰੋਸ ਪ੍ਰਗਟਾਵਾ ਕੀਤਾ| ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਨੇੜੇ ਇਕ ਰੈਲੀ ਕੀਤੀ ਗਈ ਅਤੇ ਰੋਹ ਵਿੱਚ ਆਏ ਚੌਕੀਦਾਰਾਂ ਨੇ ਇਕ ਰੋਸ ਮਾਰਚ ਕਰਕੇ ਸਰਕਾਰ ਦੀ ਅਰਥੀ ਸਾੜੀ| ਰੈਲੀ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਚਰਨਧੂੜ ਸਿੰਘ, ਲਖਬੀਰ ਸਿੰਘ ਨਬੀਪੁਰ, ਅਮਰਜੀਤ ਸਿੰਘ ਜਾਮਾਰਾਏ, ਦੇਵੀ ਦਾਸ ਮੈਨੀ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਭੱਤੇ ਵਿੱਚ ਵਾਧਾ ਕੀਤੇ ਜਾਣ ਤੋਂ ਇਲਾਵਾ ਸਾਲ ਵਿੱਚ ਦੋ ਵਰਦੀਆਂ, ਬੂਟ, ਜਨਮ ਤੇ ਮੌਤ ਦੀ ਰਜਿਸਟਰੇਸ਼ਨ ਦੇ ਅਧਿਕਾਰ ਦੇਣ ਆਦਿ ਦੀ ਮੰਗ ਕਰਦੇ ਆ ਰਹੇ ਹਨ| ਆਗੂਆਂ ਨੇ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਯਕੀਨ ਦੇਣ ’ਤੇ ਵੀ ਕੋਈ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ| ਜਥੇਬੰਦੀ ਦੇ ਇਕ ਵਫਦ ਵਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ| ਜਥੇਬੰਦੀ ਔਰਤ ਚੌਕੀਦਾਰਾਂ ਲਈ ਵਿਸ਼ੇਸ਼ ਭੱਤੇ ਦੀ ਵੀ ਮੰਗ ਕਰਦੀ ਹੈ|