ਪੱਤਰ ਪ੍ਰੇਰਕ
ਤਰਨ ਤਾਰਨ, 1 ਜੂਨ
ਸਥਾਨਕ ਨਗਰ ਕੌਂਸਲ ਵੱਲੋਂ ਕਰੀਬ ਮਹੀਨੇ ਪਹਿਲਾਂ ਸੇਵਾਵਾਂ ਤੋਂ ਹਟਾਏ 36 ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਅੱਜ 27ਵੇਂ ਦਿਨ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਉਨ੍ਹਾਂ ਆਪਣੀਆਂ ਸੇਵਾਵਾਂ ਜਾਰੀ ਕਰਵਾਉਣ ਤੱਕ ਸੰਘਰਸ਼ ਕਰਦੇ ਰਹਿਣ ਦਾ ਪ੍ਰਣ ਲਿਆ| ਧਰਨਾਕਾਰੀਆਂ ਨੂੰ ਸਫ਼ਾਈ ਸੇਵਕਾਂ ਅਤੇ ਵਾਲਮਿਕ ਸਮਾਜ ਦੇ ਆਗੂ ਲਵਲੀ ਕੁਮਾਰ, ਮਨਜੀਤ ਸਿੰਘ ਮਿੰਟੂ, ਸੁਨੀਲ ਸਭਰਵਾਲ, ਨਰੇਸ਼, ਬਾਬਾ ਵਿਕਰਾਂਤ, ਦੀਪਕ ਤੇਜਾ, ਹੀਰਾ, ਪਰਮਜੀਤ ਕੌਰ ਸਣੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਗਰ ਕੌਂਸਲ ਵਿੱਚ ਪਿਛਲੇ ਇੱਕ ਸਾਲ ਤੋਂ ਵੀ ਵਧ ਸਮੇਂ ਤੋਂ ਸਫ਼ਾਈ ਸੇਵਕ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਦੱਸੋ ਨੋਟਿਸ ਤੋਂ ਚਾਰ ਅਪਰੈਲ ਤੋਂ ਐੱਸਡੀਐੱਮ-ਕਮ-ਪ੍ਰਬੰਧਕ ਨਗਰ ਕੌਂਸਲ ਵੱਲੋਂ ਸੇਵਾਵਾਂ ਤੋਂ ਹਟਾ ਦਿੱਤਾ ਹੈ|
ਆਗੂਆਂ ਕਿਹਾ ਕਿ ਉਹ ਨਿਆਂ ਮਿਲਣ ਤਕ ਆਪਣਾ ਸੰਘਰਸ਼ ਜਾਰੀ ਰੱਖਣਗੇ| ਮੁਲਾਜ਼ਮਾਂ ਨੇ ਆਪਣੀ ਮੰਗ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ|