ਨਰਿੰਦਰ ਸਿੰਘ
ਭਿੱਖੀਵਿੰਡ, 19 ਮਈ
ਖੇਮਕਰਨ ਹਲਕੇ ਦੇ ਸਰਹੱਦੀ ਕਸਬਾ ਖਾਲੜਾ ਦੀ ਮੰਡੀ ਵਿਚ ਅੱਜ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਲੇਬਰ ਯੂਨੀਅਨ ਦੇ ਆਗੂ ਕਾਰਜ ਸਿੰਘ ਨੇ ਦੱਸਿਆ ਕਿ ਇਸ ਮੰਡੀ ਵਿਚ 6 ਲੱਖ ਤੋੜੇ ਦੀ ਚੁਕਾਈ ਬਾਕੀ ਹੈ। ਉਨ੍ਹਾਂ ਨੂੰ ਕਣਕ ਦੀ ਸੰਭਾਲ ਕਰਨੀ ਪੈ ਰਹੀ। ਉਹ ਮੰਡੀ ਦਾ ਕੰਮ ਛੱਡ ਕੇ ਕਿਤੇ ਹੋਰ ਦਿਹਾੜੀ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆੜ੍ਹਤੀਆਂ ਨੂੰ ਖ਼ੁਦ ਚੁਕਾਈ ਲਈ ਕਹਿ ਰਿਹਾ ਹੈ ਜਿਸ ਕਰ ਕੇ ਹੁਣ ਚੁਕਾਈ ਹੌਲੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚੋਂ ਕਣਕ ਵੀ ਰੋਜ਼ਾਨਾ ਚੋਰੀ ਹੋ ਰਹੀ ਹੈ।
ਇਸ ਮੌਕੇ ਆੜ੍ਹਤੀ ਪਹਿਲਵਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਕੌਮਾਂਤਰੀ ਸਰਹੱਦ ਨਜ਼ਦੀਕ ਬੈਠੇ ਹਨ ਜਿੱਥੇ ਪਹਿਲਾਂ ਹੀ ਕਾਫ਼ੀ ਮੁਸ਼ਕਿਲਾਂ ਹਨ, ਉਤੋਂ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਸ ਕਣਕ ਦੇ ਸੀਜ਼ਨ ਵਿਚ ਖ਼ਰੀਦ ਕੀਤੇ 9 ਲੱਖ ਦੇ ਕਰੀਬ ਤੋੜਿਆਂ ਵਿਚੋਂ ਸਿਰਫ਼ 3 ਲੱਖ ਦੀ ਚੁਕਾਈ ਹੋਈ ਹੈ ਬਾਕੀ ਕਣਕ ਮੰਡੀਆਂ ਵਿਚ ਪਈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਉਨ੍ਹਾਂ ਨੂੰ ਖੁ਼ਦ ਚੁਕਾਈ ਤੇ ਬਾਰਦਾਨੇ ਦੇ ਪ੍ਰਬੰਧ ਲਈ ਕਹਿ ਰਿਹਾ ਹੈ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਮੁਕੇਰੀਆਂ (ਜਗਜੀਤ ਸਿੰਘ): ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਚੁਕਾਈ ਨਾ ਕਰਵਾਏ ਜਾਣ ਕਾਰਨ ਇੱਥੋਂ ਦੀਆਂ 16 ਵਿੱਚੋਂ 14 ਮੰਡੀਆਂ ਬੋਰੀਆਂ ਨਾਲ ਭਰੀਆਂ ਪਈਆਂ ਹਨ ਤੇ ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨੀ ਝੱਲ ਰਹੇ ਹਨ। ਮੰਡੀ ਬੋਰਡ ਦੇ ਅਧਿਕਾਰੀ ਕੇਵਲ ਖ਼ਰੀਦ ਏਜੰਸੀਆਂ ਨੂੰ ਪੱਤਰ ਲਿਖਣ ਤੱਕ ਸੀਮਤ ਹਨ। ਭੰਗਾਲਾ ਮੰਡੀ ਵਿੱਚ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਕਰ ਕੇ ਚੇਤਾਵਨੀ ਦਿੱਤੀ ਗਈ ਕਿ ਜੇ ਤੁਰੰਤ ਚੁਕਾਈ ਨਾ ਕਰਵਾਈ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।
ਦੱਸਣਯੋਗ ਹੈ ਕਿ ਕੇਵਲ ਨੁਸ਼ਿਹਰਾ ਪੱਤਣ ਤੇ ਗੋਲੜਾ ਦੀ ਮੰਡੀ ਨੂੰ ਛੱਡ ਕੇ ਸਾਰੀਆਂ 14 ਮੰਡੀਆਂ ਹੀ ਬੋਰੀਆਂ ਨਾਲ ਭਰੀਆਂ ਪਈਆਂ ਹਨ। ਇਨ੍ਹਾਂ ਵਿੱਚ 6 ਲੱਖ ਤੋਂ ਵੱਧ ਬੋਰੀ ਚੁਕਾਈ ਲਈ ਪਈ ਹੈ। ਆੜ੍ਹਤੀਏ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਹਲਕਾ ਵਿਧਾਇਕਾ ਨੂੰ ਮਿਲ ਕੇ ਮਸਲਾ ਉਠਾ ਚੁੱਕੇ ਹਨ, ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਹੋ ਰਿਹਾ।
ਆੜ੍ਹਤੀ ਹਰਚਰਨ ਸਿੰਘ ਮੱਲ੍ਹੀ, ਮਲਕੀਤ ਸਿੰਘ, ਦਵਿੰਦਰ ਸਿੰਘ, ਸਰਵਣ ਸਿੰਘ, ਸੋਹਣ ਸਿੰਘ, ਬ੍ਰਿਜ ਕੁਮਾਰ, ਸ਼ਸੀ ਪਟਿਆਲ, ਰਿਸ਼ੂ ਤੇ ਅਜੇ ਕੁਮਾਰ ਨੇ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਵੱਲੋਂ ਚੁਕਾਈ ਨਾ ਕਰਵਾਏ ਜਾਣ ਕਾਰਨ ਉਹ ਪ੍ਰੇਸ਼ਾਨੀ ਝੱਲ ਰਹੇ ਹਨ। ਮੰਡੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਚੁਕਾਈ ਨਾ ਹੋਣ ਕਾਰਨ ਉਹ ਮੰਡੀਆਂ ਵਿੱਚ ਵਿਹਲੇ ਬੈਠੇ ਹਨ। ਜਿਹੜੀ ਕਮਾਈ ਉਨ੍ਹਾਂ ਪਿਛਲੇ ਸਮੇਂ ਅੰਦਰ ਕੀਤੀ ਹੈ, ਹੁਣ ਵਿਹਲੇ ਬੈਠ ਕੇ ਖਾ ਰਹੇ ਹਨ।
ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਚੁਕਾਈ ਨਾ ਹੋਣ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਖ਼ਰੀਦ ਏਜੰਸੀਆਂ ਨੂੰ ਪੱਤਰ ਲਿਖੇ ਜਾ ਰਹੇ ਹਨ। ਜਲਦ ਹੀ ਇਹ ਮਸਲਾ ਹੱਲ ਕਰ ਲਿਆ ਜਾਵੇਗਾ।
ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ’ਤੇ ਗ਼ੈਰਕਾਨੂੰਨੀ ਖ਼ਰੀਦ ਦੇ ਦੋਸ਼
ਭੁਲੱਰ (ਦਲੇਰ ਸਿੰਘ ਚੀਮਾ): ਹਲਕਾ ਭੁਲੱਥ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਨਾਲ ਮਿਲ ਕੇ ਕਥਿਤ ਗ਼ੈਰਮਿਆਰੀ ਕਣਕ ਦੀ ਖ਼ਰੀਦ ਕਰਨ ਉਪਰੰਤ ਖੁੱਲ੍ਹੇ ਅਸਮਾਨ ਹੇਠ ਰੱਖਣ ਉਪਰੰਤ ਪਾਣੀ ਪਾ ਕੇ ਵਜ਼ਨ ਵਧਾ ਕੇ ਵੇਚਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਸ ਦੀ ਜਾਂਚ ਲਈ ਐਫਸੀਆਈ ਦੇ ਜਰਨਲ ਮੈਨੇਜਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਅਨੁਸਾਰ ਕਪੂਰਥਲੇ ਵਿੱਚ ਪੈਂਦੀਆਂ ਤੇਰ੍ਹਾਂ ਦਾਣਾ ਮੰਡੀਆਂ ਵਿੱਚੋਂ ਖ਼ਰੀਦ ਅਧਿਕਾਰੀਆਂ ਵੱਲੋਂ ਕਥਿਤ ਰਿਸ਼ਵਤ ਲੈ ਕੇ ਆੜ੍ਹਤੀਆਂ ਨਾਲ ਮਿਲ ਕੇ ਗ਼ੈਰਮਿਆਰੀ ਕਣਕ ਦੀ ਖ਼ਰੀਦ ਕੀਤੀ ਗਈ ਵਜ਼ਨ ਘੱਟ ਪਾਏ ਜਾਣ ’ਤੇ ਪਾਣੀ ਪਾ ਕੇ ਵਜ਼ਨ ਪੂਰਾ ਕੀਤਾ ਗਿਆ। ਸਰਕਾਰੀ ਅਧਿਕਾਰੀਆਂ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਰਣਜੀਤ ਸਿੰਘ ਰਾਣਾ ਨੇ ਕਣਕ ਢੁਆਈ ਦੇ ਠੇਕੇ ਲਏ ਹੋਏ ਸਨ, ਉਸ ਨੂੰ ਸ਼ਰਤਾਂ ਮੁਤਾਬਕ ਕਣਕ ਦੀ ਚੁਕਾਈ ਨਾ ਕੀਤੇ ਜਾਣ ਕਾਰਨ ਦੋ ਸਾਲ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ। ਇਸੇ ਕਾਰਨ ਉਹ ਅਜਿਹੇ ਦੋਸ਼ ਲਗਾ ਰਿਹਾ ਹੈ। ਪਨਸਪ ਵੱਲੋਂ ਪੰਕਜ ਵਾਸੂਦੇਵ ਨੇ ਕਿਹਾ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।