ਪਠਾਨਕੋਟ (ਪੱਤਰ ਪ੍ਰੇਰਕ): ਗਰਾਮ ਪੰਚਾਇਤ ਕਾਹਨਪੁਰ ਵਿੱਚ ਮੰਡੀ ਬੋਰਡ ਵਲੋਂ ਬਣਾਈ ਜਾ ਰਹੀ ਲਿੰਕ ਸੜਕ ਦੇ ਊਸਾਰੀ ਕਾਰਜ ਕਥਿਤ ਗ਼ੈਰ-ਮਿਆਰੀ ਹੋਣ ਕਾਰਨ ਪਿੰਡ ਵਾਸੀਆਂ ਨੇ ਬੰਦ ਕਰਵਾ ਦਿੱਤਾ ਤੇ ਮੰਡੀ ਬੋਰਡ ਤੇ ਠੇਕੇਦਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਛੱਜੂ ਰਾਮ, ਪ੍ਰਸ਼ੋਤਮ ਸਿੰਘ, ਰਾਕੇਸ਼ ਸਿੰਘ, ਜਾਨੀ ਸਿੰਘ, ਜਤਿੰਦਰ ਸਿੰਘ, ਸੱਜਨ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੇ ਮੁੱਖ ਚੌਕ ਤੋਂ 700 ਮੀਟਰ ਦੇ ਕਰੀਬ ਲਿੰਕ ਸੜਕ ਵਿੱਚ ਸਾਬਕਾ ਸਰਪੰਚ ਦੇ ਘਰ ਕੋਲ ਠੇਕੇਦਾਰ ਵਲੋਂ ਸੜਕ ਤੋਂ ਮਿੱਟੀ ਸਾਫ਼ ਕੀਤੇ ਬਿਨਾ ਹੀ ਪ੍ਰੀਮਿਕਸ ਪਾ ਦਿੱਤੀ ਗਈ ਜੋ ਕਿ ਹੱਥ ਲਗਾਉਣ ਨਾਲ ਹੀ ਉੱਖੜ ਰਹੀ ਹੈ। ਉਨ੍ਹਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਠੇਕੇਦਾਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਵਧੀਆ ਕੰਮ ਕਰ ਰਹੇ ਹਨ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਊਹ ਕਿਤੇ ਵੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਠੇਕੇਦਾਰ ਦੇ ਮੁਲਾਜ਼ਮਾਂ ਦੀ ਇਸ ਗੱਲ ਸਬੰਧੀ ਮੰਡੀ ਬੋਰਡ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।