ਪੱਤਰ ਪ੍ਰੇਰਕ
ਅਟਾਰੀ, 1 ਮਈ
ਆਰਐੱਮਪੀਆਈ ਵੱਲੋਂ ਅੱਜ ਅਟਾਰੀ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ, ਜਿਸ ਉਪਰੰਤ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਾਂਝੀਵਾਲਤਾ, ਸ਼ਾਂਤੀ ਅਤੇ ਫਿਰਕੂ ਭਾਵਨਾ ਦਾ ਸੁਨੇਹਾ ਲੈ ਕੇ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਰੋਸ ਮੁਜ਼ਾਹਰਾ ਕੀਤਾ। ਆਰਐੱਮਪੀਆਈ ਕਾਰਕੁਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਤੰਕ ਫੈਲਾਉਣ ਵਾਲੀਆਂ ਤਾਕਤਾਂ ’ਤੇ ਫੌਰੀ ਨੱਥ ਪਾਈ ਜਾਵੇ। ਉਨ੍ਹਾਂ ਸਰਕਾਰ ਵੱਲੋਂ ਘੱਟ ਗਿਣਤੀਆਂ ਉੱਤੇ ਹੋ ਰਹੇ ਸਮੂਹਿਕ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇਸ਼ ਭਰ ਵਿੱਚ ਭੈਅ ਦਾ ਵਾਤਾਵਰਨ ਮਜ਼ਬੂਤ ਕਰਦੀ ਜਾ ਰਹੀ ਹੈ, ਜਿਸਦੇ ਸਿੱਟੇ ਵਜੋਂ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਆਰਐੱਮਪੀਆਈ ਕਾਰਕੁਨਾਂ ਨੇ ਕਿਹਾ ਕਿ ਦੇਸ਼ ਅੰਦਰ ਕਾਰਪੋਰੇਟ ਘਰਾਣਿਆਂ ਦੀ ਲੁੱਟ ਵੱਧਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ। ਰੋਸ ਮੁਜ਼ਾਹਰੇ ਦੀ ਅਗਵਾਈ ਬਲਵਿੰਦਰ ਸਿੰਘ ਝਬਾਲ, ਮੁਖਤਾਰ ਸਿੰਘ ਮੁਹਾਵਾ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਤੇ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕੀਤੀ।