ਪੱਤਰ ਪ੍ਰੇਰਕ
ਚੋਹਲਾ ਸਾਹਿਬ, 13 ਸਤੰਬਰ
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦਾ ਵਫ਼ਦ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਪ੍ਰਗਟ ਸਿੰਘ ਚੰਬਾ ਅਤੇ ਸੋਹਣ ਸਿੰਘ ਸਭਰਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਿਆ ਅਤੇ ਪਿਛਲੀ ਦਿਨੀਂ ਬਿਆਸ ਦਰਿਆ ਦੇ ਮੰਡ ਖੇਤਰ ਵਿੱਚ ਹੜ੍ਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੋਹਲਾ ਸਾਹਿਬ ਦੇ ਨੇੜੇ ਲਗਦੇ ਪਿੰਡ ਕੰਬੋ ਢਾਏ ਵਾਲਾ, ਚੰਬਾ ਕਲਾਂ, ਧੁੰਨ ਢਾਏ ਵਾਲਾ, ਘੜਕਾ, ਕਰਮੂੰਵਾਲਾ, ਮੁੰਡਾਪਿੰਡ, ਜੌਹਲ ਆਦਿ ਦਰਜਨਾਂ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਡ ਖੇਤਰ ਵਿੱਚ ਪੈਂਦੀ ਜ਼ਮੀਨ ਵਿੱਚ ਕਿਸਾਨਾਂ ਵੱਲੋਂ ਬੀਜੀਆਂ ਝੋਨਾ ਅਤੇ ਹੋਰ ਫ਼ਸਲਾਂ ਪਾਣੀ ਦੀ ਭੇਟ ਚੜ੍ਹ ਗਈਆਂ ਹਨ। ਇੱਥੋਂ ਤੱਕ ਕਿ ਡੰਗਰਾਂ ਲਈ ਚਾਰਾ ਵੀ ਨਹੀਂ ਬਚਿਆ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁੱਤਾਂ ਵਾਂਗੂ ਪਾਲੀਆਂ ਝੋਨੇ, ਬਾਸਮਤੀ ਦੀਆਂ ਫਸਲਾਂ ਅਤੇ ਹਰਾ-ਚਾਰਾ ਆਦਿ ਸਾਰਾ ਕੁਝ ਬਰਬਾਦ ਹੋ ਚੁੱਕਿਆ ਹੈ। ਉਨ੍ਹਾਂ ਗਿਰਦਾਵਰੀ ਕਰਵਾਉਣ ਅਤੇ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪਾਣੀ ਦੀ ਨਿਕਾਸੀ ਲਈ ਪਹਿਲੀ ਸਤੰਬਰ ਨੂੰ ਨੈਸ਼ਨਲ ਹਾਈਵੇ ਰੋਡ 54 ਨੰਬਰ ਪਿੰਡ ਜੋਣੇਕੇ ਵਿਖੇ ਦਿੱਤੇ ਗਏ ਧਰਨੇ ਦੇ ਮਾਮਲੇ ਵਿੱਚ ਕਈ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਸਨ। ਕਿਸਾਨ ਆਗੂਆਂ ਨੇ ਉਹ ਕੇਸ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੁਖਪਾਲ ਸਿੰਘ ਫੌਜੀ ਚੰਬਾ ਸੀਨੀਅਰ ਆਗੂ, ਸਾਹਿਬ ਸਿੰਘ ਸਭਰਾ, ਗੁਲਜ਼ਾਰ ਸਿੰਘ ਘੜਕਾ, ਸਰਦੂਲ ਸਿੰਘ ਘੜਕਾ ਆਦਿ ਹਾਜ਼ਰ ਸਨ।