ਪੱਤਰ ਪ੍ਰੇਰਕ
ਤਰਨ ਤਾਰਨ, 20 ਅਗਸਤ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਪਿੱਦੀ ਪਿੰਡ ਨੇੜੇ ਮੀਟਿੰਗ ਕਰ ਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਸੰਬੋਧਨ ਕੀਤਾ| ਉਨ੍ਹਾਂ ਦਹਾਕਿਆਂ ਪਹਿਲਾਂ ਆਬਾਦ ਕੀਤੀਆਂ ਜ਼ਮੀਨਾਂ ਆਬਾਦਕਾਰਾਂ ਦੇ ਨਾਂ ’ਤੇ ਕੀਤੇ ਜਾਣ, ਦੇਸ਼ ਅੰਦਰ ਵੋਟਾਂ ਬੈਲਟ ਪੇਪਰ ਰਾਹੀਂ ਕਰਵਾਏ ਜਾਣ, ਦੇਸ਼ ਅੰਦਰੋਂ ਸਾਰੀਆਂ ਰਾਜਸੀ ਪਾਰਟੀਆਂ ਖਤਮ ਕਰਕੇ ਵੋਟਾਂ ਦਾ ਕੰਮ ਪੰਚਾਇਤ ਪੱਧਰ ’ਤੇ ਕਰਵਾਏ ਜਾਣ, ਵੋਟਰ ਨੂੰ ਚੁਣੇ ਹੋਏ ਪ੍ਰਤੀਨਿਧੀ ਦੀ ਕਾਰਗੁਜ਼ਾਰੀ ਨਿਕੰਮੀ ਹੋਣ ’ਤੇ ਉਸ ਨੂੰ ਵਾਪਸ ਬੁਲਵਾਉਣ ਦਾ ਹੱਕ ਦੇਣ ਆਦਿ ਮੰਗਾਂ ’ਤੇ ਜ਼ੋਰ ਦਿੱਤਾ| ਕੇਂਦਰ ਸਰਕਾਰ ਦੇ ਨਾਂ ਤੇ ਜਥੇਬੰਦੀ ਕੋਲੋਂ ਮੰਗ ਪੱਤਰ ਨਾਇਬ ਤਹਿਸੀਲਦਾਰ ਅਰੁਣ ਕੁਮਾਰ ਨੇ ਮੌਕੇ ’ਤੇ ਆ ਕੇ ਲਿਆ ਤੇ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ|